ਟਿ੍ਰਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 24 ਮਾਰਚ
ਹਰਿਆਣਾ ਸਰਕਾਰ ਨੇ ਕਰੋਨਾਵਾਇਰਸ ਦੇ ਵਧ ਰਹੇ ਕੇਸਾਂ ਦੀ ਆੜ ਵਿੱਚ ਸੂਬੇ ਵਿੱਚ ਹੋਲੀ ਦੇ ਜਨਤਕ ਸਮਾਗਮਾ ’ਤੇ ਪਾਬੰਦੀ ਲਾ ਦਿੱਤੀ ਹੈ। ਸਿਹਤ ਮੰਤਰੀ ਅਨਿਲ ਵਿੱਜ ਨੇ ਟਵੀਟ ਕਰਕੇ ਆਖਿਆ ਲੋਕ ਹੋਲੀ ਵਾਲੇ ਦਿਨ ਘਰ ਵਿੱਚ ਹੀ ਰਹਿ ਕੇ ਤਿਉਹਾਰ ਮਨਾਉਣ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਹਰਿਆਣਾ ਵਿੱਚ ਭਾਜਪਾ ਅਤੇ ਜੇਜੇਪੀ ਦੀ ਵੱਧ ਰਹੀ ਖ਼ਿਲਾਫ਼ਤ ਨੂੰ ਵੇਖਦਿਆਂ ਇਹ ਪਾਬੰਦੀ ਲਾਈ ਹੈ। ਹਾਲੇ ਸੂਬੇ ਵਿੱਚ ਕਰੋਨਾ ਕੇਸਾਂ ਦੀ ਰੋਜ਼ਾਨਾ ਗਿਣਤੀ 800 ਦੇ ਕਰੀਬ ਹੀ ਹੈ। ਕੇਂਦਰ ਸਰਕਾਰ ਨੇ ਸੂਬਿਆਂ ਅਤੇ ਯੂਟੀਜ਼ ਨੂੰ ਜਨਤਕ ਥਾਵਾਂ ’ਤੇ ਹੋ ਰਹੇ ਇਕੱਠਾਂ ’ਤੇ ਰੋਕ ਲਗਾਉਣ ਦੇ ਆਦੇਸ਼ ਦਿੱਤੇ ਹਨ। ਇਸੇ ਤਹਿਤ ਹੋਲੀ ਮੌਕੇ ਹੋਣ ਵਾਲੇ ਸਮਾਗਮਾਂ ’ਤੇ ਵੀ ਪਾਬੰਦੀ ਲਗਾਈ ਗਈ ਹੈ। ਇਸੇ ਦੌਰਾਨ ਹਰਿਆਣਾ ਸਰਕਾਰ ਨੇ ਸੂਬੇ ਵਿੱਚ ਹੋਲੀ ਦੇ ਸਾਰੇ ਜਨਤਕ ਸਮਾਗਮਾਂ ’ਤੇ ਪਾਬੰਦੀ ਲਗਾ ਦਿੱਤੀ ਹੈ। ਸੂਬਾ ਸਰਕਾਰ ਅਨੁਸਾਰ ਹੋਲੀ ਸਾਰੇ ਲੋਕ ਆਪਣੇ ਘਰਾਂ ਵਿੱਚ ਰਹਿ ਕੇ ਮਨਾਉਣ, ਤਾਂ ਜੋ ਕਰੋਨਾ ਦੇ ਪਸਾਰ ਨੂੰ ਵਧਣ ਤੋਂ ਰੋਕਿਆ ਜਾ ਸਕੇ। ਕਿਸਾਨ ਜਥੇਬੰਦੀਆਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਦੌਰਾਨ ਭਾਜਪਾ-ਜੇਜੇਪੀ ਆਗੂਆਂ ਦੇ ਬਾਈਕਾਟ ਕੀਤਾ ਜਾ ਰਿਹਾ ਹੈ। ਗੱਠਜੋੜ ਸਰਕਾਰ ਦੇ ਆਗੂਆਂ ਦੇ ਸਮਾਗਮਾਂ ਦਾ ਹਰ ਥਾਂ ਵਿਰੋਧ ਹੋ ਰਿਹਾ ਹੈ। ਇਸ ਤੋਂ ਪਹਿਲਾਂ ਫਤਿਆਬਾਦ ਵਿੱਚ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਹੋਲੀ ਮਿਲਣ ਸਮਾਗਮ ਦਾ ਕਿਸਾਨਾਂ ਨੇ ਵਿਰੋਧ ਵੀ ਕੀਤਾ ਜਾ ਚੁੱਕਿਆ ਹੈ।