ਆਤਿਸ਼ ਗੁਪਤਾ
ਚੰਡੀਗੜ੍ਹ, 3 ਮਾਰਚ
ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਸੂਬੇ ਦੇ ਵਿਕਾਸ ਦੇ ਵੱਖ-ਵੱਖ ਮੁੱਦਿਆਂ ’ਤੇ ਬਹਿਸ ਹੁੰਦੀ ਰਹੀ। ਜਿੱਥੇ ਵਾਰ-ਵਾਰ ਵਿਰੋਧੀ ਵਿਧਾਇਕਾਂ ਨੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਵਿਧਾਨ ਸਭਾ ਹਲਕਾ ਮਹਿਮ ਤੋਂ ਆਜ਼ਾਦ ਵਿਧਾਇਕ ਬਲਰਾਜ ਕੁੰਡੂ ਨੇ ਸੂਬਾ ਸਰਕਾਰ ਨੂੰ ਖੇਤਾਂ ਵਿੱਚ ਪਾਣੀ ਖੜ੍ਹਾ ਹੋਣ ਕਰਕੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਮੁਆਵਜ਼ਾ ਰਾਸ਼ੀ ਜਾਰੀ ਕਰਨ ਵਿੱਚ ਹੋ ਰਹੀ ਦੇਰੀ ਦੇ ਮਾਮਲੇ ਨੂੰ ਲੈ ਕੇ ਘੇਰਿਆ। ਬਲਰਾਜ ਕੁੰਡੂ ਦੇ ਸਵਾਲ ਦੇ ਨਾਲ ਹੀ ਵਿਧਾਨ ਸਭਾ ਵਿੱਚ ਹੰਗਾਮਾ ਸ਼ੁਰੂ ਹੋ ਗਿਆ। ਵਿਰੋਧੀ ਧਿਰ ਕਾਂਗਰਸ ਨੇ ਵੀ ਕਿਸਾਨਾਂ ਦੇ ਮੁੱਦੇ ’ਤੇ ਸੂਬਾ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ।
ਵਿਧਾਨ ਸਭਾ ਵਿੱਚ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਕਿਹਾ ਕਿ ਜ਼ਮੀਨ ਵਿੱਚ ਪਾਣੀ ਭਰਨ ਕਰਕੇ ਕਈ ਕਿਸਾਨਾਂ ਦੀ ਫ਼ਸਲ ਦੀ ਬਿਜਾਈ ਨਹੀਂ ਹੋ ਸਕੀ ਹੈ। ਅਜਿਹੇ ਕਿਸਾਨਾਂ ਨੂੰ ਮੁਆਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫ਼ਸਲਾਂ ਦੇ ਨੁਕਸਾਨ ਦਾ ਮੁਆਵਜ਼ਾ 5 ਮਾਰਚ 2022 ਨੂੰ ਸ਼ਾਮ ਤੱਕ ਜਾਰੀ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਆਦਾ ਮੀਂਹ ਪੈਣ ਕਰਕੇ ਅਤੇ ਕੀਟ ਦੇ ਹਮਲੇ ਕਰਕੇ ਕਪਾਹ, ਮੂੰਗ, ਝੋਨਾ, ਬਾਜਰਾ ਅਤੇ ਗੰਨੇ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ, ਜਿਸ ਲਈ ਹਰਿਆਣਾ ਸਰਕਾਰ ਨੇ ਗਿਰਦਾਵਰੀ ਕਰਵਾਈ ਗਈ। ਇਸ ਵਿੱਚ ਕਰਨਾਲ, ਪਲਵਲ, ਨੂੰਹ, ਗੁਰੂਗ੍ਰਾਮ, ਹਿਸਾਰ, ਸਿਰਸਾ, ਫਤਿਆਬਾਦ, ਚਰਖੀ ਦਾਦਰੀ, ਭਿਵਾਨੀ, ਰੋਹਤਕ, ਸੋਨੀਪਤ, ਝੱਜਰ ਸਮੇਤ ਕੁੱਲ 12 ਜ਼ਿਲ੍ਹਿਆ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਰਿਪੋਰਟ ਦਿੱਤੀ ਗਈ। ਉਨ੍ਹਾਂ ਅਨੁਸਾਰ 9,14,139 ਕਿਸਾਨਾਂ ਨੂੰ ਪ੍ਰਭਾਵਿਤ ਪਾਇਆ ਗਿਆ ਹੈ। ਜਿਨ੍ਹਾਂ ਵਿੱਚੋਂ 14,320 ਕਿਸਾਨਾਂ ਦੇ ਮੁਆਵਜ਼ੇ ਦਾ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਸਿੱਧਾ ਟ੍ਰਾਂਸਫਰ ਕੀਤਾ ਜਾ ਚੁੱਕਾ ਹੈ।
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵਿਧਾਨ ਸਭਾ ਸੈਸ਼ਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੌਮੀ ਰਾਜਧਾਨੀ ਖੇਤਰ ਵਿੱਚ 10 ਸਾਲ ਪੁਰਾਣੇ ਡੀਜ਼ਲਸ ਅਤੇ 15 ਸਾਲ ਪੁਰਾਣੇ ਪੈਟਰੋਲ ਵਾਲੇ ਵਾਹਨਾਂ ’ਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਜਾਰੀ ਨੀਤੀ ਵਿੱਚ ਟਰੈਕਟਰ ਨੂੰ ਸ਼ਾਮਲ ਨਾ ਕੀਤਾ ਜਾਵੇ। ਇਸ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਕੀਤੀ ਜਾਵੇਗੀ, ਜਿਸ ਨਾਲ ਕੋਈ ਨਾ ਕੋਈ ਰਾਹ ਕੱਢਿਆ ਜਾ ਸਕੇ। ਪਿਛਲੀ ਵਾਰ ਵੀ ਐੱਨਜੀਟੀ ਤੋਂ ਟਰੈਕਟਰ ਨੂੰ ਬਾਹਰ ਰੱਖਵਾਇਆ ਸੀ। ਸ੍ਰੀ ਖੱਟਰ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਵੱਲੋਂ ਹਰਿਆਣਾ ਦੇ 1784 ਨੌਜਵਾਨਾਂ ਦੇ ਯੂਕਰੇਨ ਵਿੱਚ ਫੱਸੇ ਹੋਣ ਦੀ ਸੂਚੀ ਮਿਲੀ ਸੀ, ਜਿਸ ਵਿੱਚੋਂ 1701 ਨੌਜਵਾਨ ਹਰਿਆਣਾ ਦੇ ਹਨ। ਇਨ੍ਹਾਂ ਵਿੱਚੋਂ 683 ਨੌਜਵਾਨਾਂ ਨੂੰ ਵਾਪਸ ਲਿਆਂਦਾ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਹੋਰਨਾਂ ਵਿਦਿਆਰਥੀਆਂ ਨੂੰ ਵੀ ਵਾਪਸ ਲਿਆਉਣ ਲਈ ਕੇਂਦਰ ਸਰਕਾਰ ਨਾਲ ਸੰਪਰਕ ਕੀਤਾ ਜਾ ਰਿਹਾ ਹੈ।