ਦਿਨੇਸ਼ ਭਾਰਦਵਾਜ
ਚੰਡੀਗੜ੍ਹ, 4 ਮਾਰਚ
ਹਰਿਆਣਾ ਵਿਧਾਨ ਸਭਾ ਵਿੱਚ ਅੱਜ ਜਬਰੀ ਧਰਮ ਤਬਦੀਲੀ ਖਿਲਾਫ਼ ਪੇਸ਼ ਬਿੱਲ ਨੂੰ ਲੈ ਕੇ ਸਦਨ ਵਿੱਚ ਖੂਬ ਹੰਗਾਮਾ ਹੋਇਆ। ਜਬਰੀ ਧਰਮ ਤਬਦੀਲੀ ਨੂੰ ‘ਅਪਰਾਧ’ ਐਲਾਨਦਿਆਂ ਬਿੱਲ ਵਿੱਚ 10 ਸਾਲ ਤੱਕ ਦੀ ਸਜ਼ਾ ਤੇ 4 ਲੱਖ ਰੁਪਏ ਜੁਰਮਾਨੇ ਦੀ ਵਿਵਸਥਾ ਰੱਖੀ ਗਈ ਹੈ। ਗ੍ਰਹਿ ਮੰਤਰੀ ਅਨਿਲ ਵਿਜ ਨੇ ਸਿਫਰ ਕਾਲ ਦੌਰਾਨ ਬਿੱਲ ਪੇਸ਼ ਕੀਤਾ। ਸਰਕਾਰ ਨੇ ਸਾਫ਼ ਕੀਤਾ ਕਿ ਉਹ ਇਸ ਬਿੱਲ ’ਤੇ ਪਿੱਛੇ ਹਟਣ ਲਈ ਤਿਆਰ ਨਹੀਂ ਹੈ। ਵਿਰੋਧੀ ਧਿਰ ਨੇ ਬਿੱਲ ਨੂੰ ਲੈ ਕੇ ਖਾਸਾ ਹੰਗਾਮਾ ਕੀਤਾ। ਬਿੱਲ ਦੀ ਕਾਪੀ ਫਾੜਨ ਵਾਲੇ ਕਾਂਗਰਸੀ ਵਿਧਾਇਕ ਰਘੂਬੀਰ ਕਾਦਿਆਨ ਨੂੰ ਬਜਟ ਇਜਲਾਸ ਦੀ ਰਹਿੰਦੀ ਕਾਰਵਾਈ ਲਈ ਮੁਅੱਤਲ ਕਰ ਦਿੱਤਾ। ਮੁੱਖ ਵਿਰੋਧੀ ਧਿਰ ਕਾਂਗਰਸ ਨੇ ਬਿੱਲ ਦਾ ਵਿਰੋਧ ਕਰਦਿਆਂ ਕਿਹਾ ਕਿ ਸੂਬੇ ਵਿੱਚ ਹੁਣ ਤੱਕ ਜਬਰੀ ਧਰਮ ਤਬਦੀਲੀ ਦਾ ਕੋਈ ਕੇਸ ਨਹੀਂ ਆਇਆ, ਜਿਸ ਕਰਕੇ ਅਜਿਹਾ ਕੋਈ ਕਾਨੂੰਨ ਬਣਾਉਣ ਦੀ ਕੋਈ ਤੁੱਕ ਨਹੀਂ ਹੈ। ਉਧਰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਇਹ ਦਾਅਵਾ ਕਰਦੇ ਰਹੇ ਹਨ ਕਿ ਉਨ੍ਹਾਂ ਕੋਲ ਸੂਬੇ ਵਿੱਚ ਅਜਿਹੇ ਕਈ ਮਾਮਲਿਆਂ ਦਾ ਰਿਕਾਰਡ ਹੈ, ਜਿਸ ਦਾ ਸਦਨ ਵਿੱਚ ਜ਼ਿਕਰ ਕੀਤਾ ਜਾਵੇਗਾ। ਸਦਨ ਵਿੱਚ ਪੇਸ਼ ਨੌਂ ਸਫ਼ਿਆਂ ਦੇ ਬਿੱਲ ਵਿੱਚ ਹਾਲਾਂਕਿ ਕਿਸੇ ਧਰਮ ਵਿਸ਼ੇਸ਼ ਦਾ ਕੋਈ ਜ਼ਿਕਰ ਨਹੀਂ ਹੈ। ਬਿੱਲ ਨੂੰ ਲੈ ਕੇ ਹੋਏ ਹੰਗਾਮੇ ਦੌਰਾਨ ਕਾਂਗਰਸੀ ਵਿਧਾਇਕ ਰਘੂਬੀਰ ਕਾਦਿਆਨ ਨੇ ਬਿੱਲ ਦੀ ਕਾਪੀ ਫਾੜੀ, ਜਿਸ ਕਰ ਕੇ ਉਨ੍ਹਾਂ ਨੂੰ ਸਦਨ ਦੀ ਬਾਕੀ ਕਾਰਵਾਈ ਲਈ ਮੁਅੱਤਲ ਕਰ ਦਿੱਤਾ ਗਿਆ। ਕਾਂਗਰਸੀ ਵਿਧਾਇਕਾਂ ਨੇ ਵਿਰੋਧ ਵਜੋਂ ਸਦਨ ਦੇ ਪਹਿਲੇ ਅੱਧ ਦੀ ਕਾਰਵਾਈ ’ਚੋਂ ਵਾਕਆਊਟ ਕੀਤਾ।
ਸਵੈ-ਇੱਛਾ ਨਾਲ ਧਰਮ ਤਬਦੀਲੀ ’ਤੇ ਰੋਕ ਨਹੀਂ: ਖੱਟਰ
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਬਿੱਲ ਕਿਸੇ ਵਿਅਕਤੀ ਵੱਲੋਂ ਸਵੈ-ਇੱਛਾ ਨਾਲ ਧਰਮ ਤਬਦੀਲੀ ’ਤੇ ਰੋਕ ਨਹੀਂ ਲਾਉਂਦਾ। ਬਸ਼ਰਤੇ ਇਸ ਲਈ ਵਿਅਕਤੀ ਵਿਸ਼ੇਸ਼ ਨੂੰ ਜ਼ਿਲ੍ਹਾ ਮੈਜਿਸਟਰੇਟ ਨੂੰ ਅਰਜ਼ੀ ਦੇਣੀ ਹੋਵੇਗੀ। ਮੈਜਿਸਟਰੇਟ ਤੈਅ ਕਰੇਗਾ ਧਰਮ ਤਬਦੀਲੀ ਦਾ ਮਾਮਲਾ ਕਾਨੂੰਨ ਦਾ ਉਲੰਘਣ ਹੈ ਜਾਂ ਨਹੀਂ।