ਪੱਤਰ ਪ੍ਰੇਰਕ
ਜੀਂਦ, 19 ਮਾਰਚ
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਇਨੈਲੋ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਨੇ ਕਿਹਾ ਕਿ ਉਹ 115 ਸਾਲ ਤੱਕ ਜੀਵਿਤ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਇਹ ਕਿਸੇ ਜੋਤਸ਼ੀ ਦੀ ਭਵਿੱਖ ਬਾਣੀ ਨਹੀਂ ਹੈ, ਸਗੋਂ ਉਮਰ ਨੂੰ ਲੈ ਕੇ ਉਨ੍ਹਾਂ ਦਾ ਆਪਣਾ ਦਾਅਵਾ ਹੈ। ਇਸਦੇ ਨਾਲ ਹੀ ਪ੍ਰਦੇਸ਼ ਵਿੱਚ ਮੱਧਕਾਲੀਨ ਚੋਣਾਂ ਹੋਣ ਦੀ ਵੀ ਭਵਿਖਬਾਣੀ ਚੌਟਾਲਾ ਨੇ ਫਿਰ ਦੁਹਰਾਈ ਹੈ। ਜੀਂਦ ਵਿੱਚ ਜਦੋਂ ਓਮ ਪ੍ਰਕਾਸ਼ ਚੌਟਾਲਾ ਅਪਣੇ ਵਰਕਰਾਂ ਦੀ ਮੀਟਿੰਗ ਲੈ ਰਹੇ ਸਨ ਤਾਂ ਇੱਕ ਵਰਕਰ ਵੱਲੋਂ ਉਨ੍ਹਾਂ ਦੀ ਲੰਬੀ ਉਮਰ ਹੋਣ ਦੀ ਕਾਮਨਾ ਕਹਿਣ ਵੇਲੇ ਚੌਟਾਲਾ ਨੇ ਅਪਣੀ ਉਮਰ 115 ਸਾਲ ਹੋਣ ਦਾ ਦਾਅਵਾ ਕੀਤਾ।
ਅਪਣੀ ਸਜ਼ਾ ਉੱਤੇ ਬੋਲਦਿਆਂ ਚੌਟਾਲਾ ਨੇ ਕਿਹਾ ਕਿ ਉਨ੍ਹਾਂ ਨੂੰ 3206 ਨੌਜਵਾਨਾਂ ਨੂੰ ਮੈਰਿਟ ਉੱਤੇ ਨੌਕਰੀ ਦੇਣ ਲਈ ਸਜ਼ਾ ਮਿਲੀ ਹੈ। ਪਰੰਤੂ ਇਹ ਸਜ਼ਾ ਪੂਰੀ ਹੋਣ ਮਗਰੋਂ ਵੀ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ।
ਮੌਜੂਦਾ ਸਰਕਾਰ ਉੱਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਲੋਕਾਂ ਨੂੰ ਵਿਧਾਨ ਸਭਾ ਚੋਣਾਂ 2024 ਤੱਕ ਦੀ ਉਡੀਕ ਕਰਨ ਦੀ ਲੋੜ ਨਹੀਂ ਹੈ, ਇਹ ਚੋਣਾਂ ਮੱਧਕਾਲ ਵਿੱਚ ਹੀ ਹੋ ਜਾਣਗੀਆਂ।