ਨਿੱਜੀ ਪੱਤਰ ਪ੍ਰੇਰਕ
ਸਿਰਸਾ, 18 ਅਕਤੂਬਰ
ਇੱਥੋਂ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਕਿਸਾਨਾਂ ਵੱਲੋਂ ਚਲਾਇਆ ਜਾ ਰਿਹਾ ਪੱਕਾ ਮੋਰਚਾ ਧਰਨਾ 13ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਿਆ ਹੈ। ਕਿਸਾਨਾਂ ਦੀ ਮੰਗ ਹੈ ਕਿ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਅਤੇ ਬਿਜਲੀ ਮੰਤਰੀ ਰਣਜੀਤ ਸਿੰਘ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਤੁਰੰਤ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣ।
ਅੱਜ ਮੋਰਚੇ ਦੀ ਪ੍ਰਧਾਨਗੀ ਓਮ ਪ੍ਰਕਾਸ਼ ਹੰਸਗਾ ਅਤੇ ਗੁਰਦੀਪ ਬਾਬਾ ਨੇ ਸੰਯੁਕਤ ਰੂਪ ’ਚ ਕੀਤੀ। ਅੱਜ ਪੱਕਾ ਮੋਰਚਾ ਵਿੱਚ ਪੰਜਾਬ ਦੇ ਕਿਸਾਨ ਸੰਗਠਨਾਂ ਦੇ ਸਾਂਝੇ ਮੋਰਚਾ ਅਤੇ ਕਿਸਾਨ ਸੰਘਰਸ਼ ਕਮੇਟੀ ਹਰਿਆਣੇ ਦੇ ਕੇਂਦਰੀ ਆਗੂ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਕਿਸਾਨਾਂ ਦੇ ਹੱਕਾਂ ਦੀ ਲੜਾਈ ਪੰਜਾਬ-ਹਰਿਆਣਾ ਮਿਲਕੇ ਲੜਣਗੇ। ਉਨ੍ਹਾਂ ਦੱਸਿਆ ਕਿ 26 ਤੇ 27 ਨਵੰਬਰ ਨੂੰ ਦਿੱਲੀ ਵਿੱਚ ਹੋਣ ਵਾਲੇ ਕਿਸਾਨਾਂ ਦੇ ਪ੍ਰਦਰਸ਼ਨਾਂ ’ਚ ਲੱਖਾਂ ਲੋਕ ਸ਼ਾਮਲ ਹੋਣਗੇ ਤੇ ਸਰਕਾਰ ਨੂੰ ਕਿਸਾਨ ਵਿਰੋਧੀ ਤਿੰਨਾਂ ਕਾਲੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰਨਗੇ। ਉਨ੍ਹਾਂ ਕਿਹਾ ਕਿ ਕਿਸਾਨ, ਮਜ਼ਦੂਰ ਤੇ ਛੋਟਾ ਵਪਾਰੀਆਂ ਦੀ ਏਕਤਾ ਪਹਿਲੀ ਵਾਰ ਦੇਸ਼ ਵਿੱਚ ਹੋਈ ਹੈ। ਪੰਜਾਬ ਵਿੱਚ ਸਾਰੇ ਟੋਲ ਪਲਾਜ਼ਾ ਬੰਦ ਕਰ ਦਿੱਤੇ ਗਏ ਹਨ। ਪੰਜਾਬ ਦੇ ਦੋ ਲੱਖ ਲੋਕ ਹਰ ਰੋਜ਼ ਅੰਦੋਲਨ ਵਿੱਚ ਭਾਗ ਲੈ ਰਹੇ ਹਨ। ਹਰਿਆਣਾ ਨੇ ਵੀ ਚੰਗੀ ਸ਼ੁਰੁਆਤ ਕੀਤੀ ਹੈ। ਹਜ਼ਾਰਾਂ ਲੋਕ ਪੱਕਾ ਮੋਰਚਾ ਨਾਲ ਜੁੜ ਰਹੇ ਹਨ। ਇਹ ਕਿਸਾਨ ਅੰਦੋਲਨ ਲਈ ਚੰਗਾ ਸੰਕੇਤ ਹੈ। ਉਨ੍ਹਾਂ ਦੱਸਿਆ ਕਿ 19 ਅਕਤੂਬਰ ਤੋਂ ਜੋ ਮੁਹਿੰਮ ਇਸ ਪੱਕਾ ਮੋਰਚਾ ਵੱਲੋਂ ਚਲਾਈ ਜਾਵੇਗੀ, ਉਹ 24 ਅਕਤੂਬਰ ਨੂੰ ਉਚਾਣਾ ਵਿੱਚ ਦਾਖਲ ਹੋਵੇਗੀ, ਜਿਸ ਵਿੱਚ ਹਜ਼ਾਰਾਂ ਲੋਕ ਸ਼ਾਮਲ ਹੋਣਗੇ। ਨਥਵਾਨ ਨੇ ਕਿਹਾ ਕਿ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਅਤੇ ਬਿਜਲੀ ਮੰਤਰੀ ਰਣਜੀਤ ਸਿੰਘ ਦੀ ਜ਼ਮੀਰ ਮਰ ਚੁੱਕੀ ਹੈ। ਇਨ੍ਹਾਂ ਦੋਵਾਂ ਆਗੂਆਂ ਨੂੰ ਹੁਣ ਕਿਸਾਨਾਂ ਨਾਲ ਨਹੀਂ, ਸਗੋਂ ਕੁਰਸੀ ਨਾਲ ਜ਼ਿਆਦਾ ਮੋਹ ਹੈ। ਉਨ੍ਹਾਂ ਕਿਹਾ ਕਿ ਜਨਤਾ ਸਭ ਕੁਝ ਹੈ ਅਤੇ ਅਰਸ਼ ਤੋਂ ਫਰਸ਼ ਉੱਤੇ ਆਉਂਦੇ ਦੇਰ ਨਹੀਂ ਲੱਗਦੀ। ਉਹਨਾਂ ਕਿਹਾ ਕਿ ਦੁਸ਼ਿਅੰਤ ਚੌਟਾਲਾ ਦੀ ਦੁਕਾਨ ਹਰਿਆਣਾ ਵਿੱਚ ਬੰਦ ਹੋਣ ਜਾ ਰਹੀ ਹੈ।