ਟੋਹਾਣਾ (ਪੱਤਰ ਪ੍ਰੇਰਕ): ਗੁਰਦੁਆਰਾ ਸਿੰਘ ਸਭਾ ਟੋਹਾਣਾ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ 12ਵਾਂ ਗੁਰਮਤਿ ਸਮਾਗਮ ਅਨਾਜ ਮੰਡੀ ਗੁਰਦੁਆਰਾ ਸਾਹਿਬ ਵਿੱਚ ਕਰਵਾਇਆ ਗਿਆ।ਸਿੰਘ ਸਭਾ ਦੇ ਪ੍ਰਧਾਨ ਜਸਕੰਵਰ ਸਿੰਘ ਨੇ ਸਭ ਦਾ ਸਵਾਗਤ ਕੀਤਾ। ਹੈਡਗ੍ਰੰਥੀ ਭਾਈ ਬਲਵਿੰਦਰ ਸਿੰਘ ਨੇ ਅਰਦਾਸ ਕੀਤੀ। ਗਿਆਨੀ ਬਚਿੱਤਰ ਸਿੰਘ ਹੈੱਡ ਗ੍ਰੰਥੀ ਨਾਨਕ ਪਿਆਓ ਦਿੱਲੀ ਤੇ ਗਿਆਨੀ ਗੁਰਜੰਟ ਸਿੰਘ ਨੇ ਸੰਗਤਾਂ ਨੂੰ ਗੁਰੂ ਲੜ ਲੱਗਣ ਲਈ ਪ੍ਰੇਰਿਆ। ਬਾਬਾ ਬਲਬੀਰ ਸਿੰਘ 96 ਕਰੋੜੀ, ਜੱਥੇਦਾਰ ਨਿਹੰਗ ਸਿੰਘ ਚਕਰਵਰਤੀ ਬੁੱਢਾ ਦਲ ਨੇ ਆਪਣੇ ਕੀਤਰਨੀ ਜੱਥੇ ਤੇ ਅੰਮ੍ਰਿਤਸਰ ਤੋ ਆਏ ਹਜ਼ੂਰੀ ਕੀਰਤਨੀਏ ਭਾਈ ਓਂਕਾਰ ਸਿੰਘ ਦੇ ਜੱਥੇ ਦੇ ਕੀਰਤਨ ਰਾਹੀਂ ਸੰਗਤ ਨੂੰ ਮੰਤਰ ਮੁਗਧ ਕੀਤਾ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘੁਬੀਰ ਸਿੰਘ ਦੇ ਨਾਲ ਪੁੱਜੇ ਪੰਜ ਪਿਆਰਿਆਂ ਨੇ ਅੰਮ੍ਰਿਤ ਬਾਟਾ ਤਿਆਰ ਕੀਤਾ ਤਾਂ 55 ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ। ਇਸ ਮੌਕੇ ਤੇ ਨਾਗਰਿਕ ਹਸਪਤਾਲ ਦੇ ਪੰਜ ਡਾਕਟਰਾਂ ਦੀ ਟੀਮ ਨੇ ਮੈਡੀਕਲ ਕੈਂਪ ਵਿੱਚ ਮਰੀਜ਼ਾਂ ਦਾ ਚੈੱਕਅੱਪ ਕਰਕੇ ਦਵਾਈਆਂ ਦਿੱਤੀਆਂ।