ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 25 ਜਨਵਰੀ
ਮੰਗੋਲੀ ਜਾਟਾਨ ਤੋਂ ਅੱਜ ਨੌਜਵਾਨ ਕਿਸਾਨਾਂ ਦਾ 7ਵਾਂ ਜਥਾ ਰਾਸ਼ਨ ਲੈ ਕੇ ਦਿੱਲੀ ਲਈ ਰਵਾਨਾ ਹੋਇਆ। ਇਸ ਦੌਰਾਨ ਨੌਜਵਾਨ ਕਿਸਾਨ ਕਮਲ ਦੂਹਨ ਦੀ ਅਗਵਾਈ ਵਿਚ ਦਿੱਲੀ ਅੰਦੋਲਨ ਲਈ ਰਵਾਨਾ ਹੋਣ ਤੋਂ ਪਹਿਲਾਂ ਜਥੇ ਨੇ ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਮਲ ਦੂਹਨ ਨੇ ਕਿਹਾ ਕਿ ਖੇਤੀ ਵਿਰੋਧੀ ਕਾਨੂੰਨ ਲਾਗੂ ਹੋਣ ਨਾਲ ਦੇਸ਼ ਦੀ ਕਿਸਾਨੀ ਤਬਾਹ ਹੋ ਜਾਏਗੀ ਤੇ ਕਿਸਾਨਾਂ ਦੇ ਨਾਲ-ਨਾਲ ਮਜ਼ਦੂਰਾਂ , ਦੁਕਾਨਦਾਰਾਂ, ਆੜ੍ਹਤੀ ਤੇ ਛੋਟੇ ਕਾਰੋਬਾਰੀ ਤੇ ਜਨਤਕ ਅਦਾਰਿਆਂ ਵੀ ਪ੍ਰਭਾਵਿਤ ਹੋਣਗੇ। ਉਨ੍ਹਾਂ ਕਿਹਾ ਕਿ ਕੜਾਕੇ ਦੀ ਠੰਢ ਵਿਚ ਦੇਸ਼ ਦਾ ਕਿਸਾਨ, ਔਰਤਾਂ, ਬੱਚੇ, ਬਜ਼ੁਰਗ ਇਸ ਅੰਦੋਲਨ ਲਈ ਸੜਕਾਂ ’ਤੇ ਡਟੇ ਹੋਏ ਹਨ। ਉਹ ਆਪਣੀ ਮਿੱਟੀ ਨੂੰ ਬਚਾਉਣ ਲਈ ਬੜੇ ਉਤਸ਼ਾਹ, ਜੋਸ਼ ਤੇ ਜਜ਼ਬੇ ਨਾਲ ਅੰਦੋਲਨ ਦੀ ਜਿੱਤ ਵਲ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤਕ ਜਿੱਤ ਨਹੀਂ ਹੁੰਦੀ ਉਦੋਂ ਤੱਕ ਉਹ ਦਿੱਲੀ ਤੋਂ ਆਪਣੇ ਘਰਾਂ ਵੱਲ ਨਹੀਂ ਪਰਤਣਗੇ। ਕਮਲ ਨੇ ਕਿਹਾ ਕਿ ਆਪਣੇ ਹੱਕਾਂ ਲਈ ਲੜਨਾ ਕੋਈ ਗੁਨਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਮੰਗੋਲੀ ਜਾਟਾਨ ਦੇ ਕਿਸਾਨਾਂ ਤੋਂ ਇਲਾਵਾ ਪਿੰਡ ਦੇ ਮਜ਼ਦੂਰਾਂ ਤੇ ਹੋਰ ਲੋਕਾਂ ਨੇ ਇਕਜੁੱਟਤਾ ਦਿਖਾਉਂਦੇ ਹੋਏ ਕਿਸਾਨ ਅੰਦੋਲਨ ਵਿਚ ਪੂਰਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕਾਲੇ ਕਾਨੂੰਨ ਕਿਸਾਨਾਂ ਲਈ ਮੌਤ ਦੇ ਵਾਰੰਟ ਹਨ ਜੇ ਸਰਕਾਰ ਨੇ ਕਾਨੂੰਨ ਵਾਪਸ ਨਾ ਲਏ ਤਾਂ ਉਨ੍ਹਾਂ ਦੇ ਪਿੰਡ ਦੇ ਨੌਜਵਾਨ ਕਿਸਾਨ ਦਿੱਲੀ ਵਿਚ ਡੇਰਾ ਲਾ ਲੈਣਗੇ।