ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 25 ਨਵੰਬਰ
ਕਿਸਾਨ ਸੰਘਰਸ਼ ਕਰਕੇ ਸੂਬਾਈ ਹੱਦ ਸੀਲ ਹੋਣ ਨਾਲ ਬਾਹਰੀ ਵਾਹਨਾਂ ਦੀ ਰੇਲਵੇ ਅੰਡਰ-ਬਰਿੱਜ ਰਾਹੀਂ ਸ਼ਹਿਰ ਵਿੱਚ ਆਮਦ ਨਾਲ ਜਾਮ ਅਤੇ ਭੀੜ-ਭੜੱਕੇ ਵਾਲੀ ਸਥਿਤੀ ਪੈਦਾ ਹੋ ਗਈ ਹੈ। ਅੱਜ ਪੰਜਾਬ ਜਾਣ ਲਈ ਬਾਰਾਤਾਂ ਅਤੇ ਲਾੜੇ ਲਾਂਘੇ ਲਈ ਡੱਬਵਾਲੀ ਸ਼ਹਿਰ ਵਿਚ ਭਟਕਦੇ ਰਹੇ। ਨਾ ਪੁਲੀਸ ਨੂੰ ਉਨ੍ਹਾਂ ਨੂੰ ਰਾਹ ਦੇਣ ਲਈ ਰਾਜ਼ੀ ਸੀ ਅਤੇ ਨਾ ਹੀ ਉਨ੍ਹਾਂ ਬਦਲਵੇਂ ਰਾਹਾਂ ਦਾ ਗਿਆਨ ਸੀ। ਅਜਿਹੇ ’ਚ ਕਈ ਬਾਰਾਤਾਂ ਦੀਆਂ ਗੱਡੀਆਂ ਪੰਜਾਬ ਅਤੇ ਹਰਿਆਣਾ ਦੀ ਹੱਦ ’ਤੇ ਪੈਂਦੇ ਇਸ ਸ਼ਹਿਰ ਦੇ ਗੇੜੇ ਲਾਉਂਦੀਆਂ ਰਹੀਆਂ।
ਹਨੂੰਮਾਨਗੜ੍ਹ ਤੋਂ ਬਠਿੰਡਾ ਜਾਣ ਵਾਲੀ ਇੱਕ ਬਰਾਤ ਦੇ ਲਾੜੇ ਨੇ ਕਿਹਾ ਕਿ ਉਹ ਕਿਸਾਨਾਂ ਦੀ ਮਜਬੂਰੀ ਮੰਨਦੇ ਹਨ ਪਰ ਸਰਕਾਰ ਅਤੇ ਪ੍ਰਸ਼ਾਸਨ ਨੂੰ ਉਸ ਦੇ ਮਨੋਭਾਵਾਂ ਨੂੰ ਵੀ ਸਮਝਣਾ ਚਾਹੀਦਾ ਹੈ। ਉਸ ਦੀ ਜ਼ਿੰਦਗੀ ’ਚ ਪਰਿਵਾਰਕ ਖੁਸ਼ੀਆਂ ਦੀ ਆਮਦ ਤੋਂ ਪਹਿਲਾਂ ਹੀ ਉਲਝੇਵਾਂ ਪਾ ਦਿੱਤਾ ਹੈ। ਇਸ ਮੌਕੇ ਸਜੇ-ਧਜੇ ਕਈ ਬਾਰਾਤੀ ਪੁਲੀਸ ਵਾਲਿਆਂ ਤੋਂ ਹੱਦ ਪਾਰ ਜਾਣ ਲਈ ਰਾਹ ਦੇਣ ਵਾਸਤੇ ਲੇਲੜੀਆਂ ਕੱਢਦੇ ਨਜ਼ਰ ਆਏ। ਭਲਕ ਨੂੰ ਹਜ਼ਾਰਾਂ ਕਿਸਾਨਾਂ ਦੇ ਪੁੱਜਣ ’ਤੇ ਸਥਿਤੀ ਹੋਰ ਬਦਤਰ ਹੋਣ ਦੇ ਆਸਾਰ ਹਨ। ਬਾਹਰੀ ਵਾਹਨ ਸਵਾਰ ਪੰਜਾਬ ਅਤੇ ਹਰਿਆਣੇ ’ਚ ਆਵਾਜਾਈ ਲਈ ਸ਼ਹਿਰ ਦੀਆਂ ਗਲੀਆਂ ’ਚ ਭਟਕਦੇ ਰਹੇ। ਹੱਦਬੰਦੀ ਕਰਕੇ ਮਲੋਟ ਰੋਡ ਅਤੇ ਬਠਿੰਡਾ ਰੋਡ ’ਤੇ ਦੁਕਾਨਦਾਰਾਂ ਦੇ ਕਾਰੋਬਾਰ ’ਚ ਵਿਘਨ ਪੈ ਗਿਆ ਹੈ। ਛੋਟੇ ਦੁਕਾਨਦਾਰ ਧਰਨਾ ਅਤੇ ਹੱਦਬੰਦੀ ਲੰਮੀ ਚੱਲਣ ਕਰਕੇ ਫ਼ਿਕਰਮੰਦ ਹਨ। ਡੱਬਵਾਲੀ ਸ਼ਹਿਰ ਦਾ 75 ਫ਼ੀਸਦੀ ਕਾਰੋਬਾਰ ਪੰਜਾਬ ਖੇਤਰ ਦੇ ਪਿੰਡਾਂ ’ਤੇ ਆਧਾਰਤ ਹੈ। ਹੱਦਬੰਦੀ ਹੋਣ ਕਰਕੇ ਬੱਸ ਮੁਸਾਫ਼ਰਾਂ ਨੂੰ ਵੀ ਪੰਜਾਬ ਜਾਂ ਹਰਿਆਣਾ ਜਾਣ ਲਈ ਡੱਬਵਾਲੀ ਅਤੇ ਕਿੱਲਿਆਂਵਾਲੀ ਦੇ ਬੱਸ ਅੱਡੇ ਤੱਕ ਕਰੀਬ ਤਿੰਨ ਕਿਲੋਮੀਟਰ ਪੈਦਲ ਚੱਲਣਾ ਪੈ ਰਿਹਾ ਹੈ। ਡੀ.ਐੱਸ.ਪੀ. ਕੁਲਦੀਪ ਸਿੰਘ ਨੇ ਕਿਹਾ ਕਿ ਬਠਿੰਡਾ-ਡੱਬਵਾਲੀ ਰੂਟ ’ਤੇ ਬੱਸ ਸੇਵਾ ਨਿਰਵਿਘਨ ਰੱਖਣ ਲਈ ਵਾਇਆ ਜੋਗੇਵਾਲਾ-ਡੱਬਵਾਲੀ ਰੂਟ ਨਿਰਧਾਰਿਤ ਕੀਤਾ ਗਿਆ ਹੈ ਪ੍ਰੰਤੂ ਕਿਸਾਨਾਂ ਨੂੰ ਕਿਸੇ ਪਾਸਿਓਂ ਆਉਣ ਦੀ ਇਜਾਜ਼ਤ ਨਹੀਂ ਹੈ।