ਕਾਲਾਂਵਾਲੀ (ਪੱਤਰ ਪ੍ਰੇਰਕ): ਖੇਤਰ ਦੇ ਪਿੰਡ ਸੂਰਤੀਆ ਵਿੱਚ ਇੱਕ ਕਰਿਆਨੇ ਅਤੇ ਰੈਡੀਮੇਡ ਕੱਪੜਿਆਂ ਦੀ ਦੁਕਾਨ ਵਿੱਚ ਦੇਰ ਰਾਤ ਅੱਗ ਲੱਗ ਗਈ ਜਿਸ ਕਾਰਨ ਦੁਕਾਨ ਵਿੱਚ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਕ੍ਰਿਸ਼ਨ ਕੁਮਾਰ ਕਾਕਾ ਨੇ ਦੱਸਿਆ ਕਿ ਉਹ ਤਲਵੰਡੀ ਰੋਡ ’ਤੇ ਪਿੰਡ ਸੂਰਤੀਆ ਵਿੱਚ ਕਾਕਾ ਕਰਿਆਨਾ ਅਤੇ ਜਨਰਲ ਸਟੋਰ ਦੇ ਨਾਂ ’ਤੇ ਦੁਕਾਨ ਚਲਾਉਂਦਾ ਹੈ| ਦੁਕਾਨ ਵਿੱਚ ਰਾਤ ਕਰੀਬ ਸਾਢੇ ਦਸ ਵਜੇ ਅਚਾਨਕ ਅੱਗ ਲੱਗ ਗਈ| ਜਿਸ ਕਾਰਨ ਦੋਵੇਂ ਮੰਜ਼ਿਲਾਂ ਤੋਂ ਦੁਕਾਨ ਵਿੱਚ ਰੱਖਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਕਾਰਨ ਉਸ ਦਾ ਕਰੀਬ 25 ਲੱਖ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ| ਇਸ ਮੌਕੇ ’ਤੇ ਤਲਵੰਡੀ, ਕਾਲਾਂਵਾਲੀ ਅਤੇ ਹੋਰ ਥਾਵਾਂ ਤੋਂ ਪਹੁੰਚੀਆਂ ਫਾਇਰ ਬ੍ਰਿਗੇਡ ਗੱਡੀਆਂ ਅਤੇ ਪਿੰਡ ਵਾਸੀਆਂ ਨੇ ਬੜੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ| ਮੌਕੇ ’ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਅੱਗ ਬਹੁਤ ਭਿਆਨਕ ਸੀ ਜਿਸ ਨਾਲ ਦੋਵੇਂ ਮੰਜ਼ਿਲਾਂ ’ਤੇ ਰੱਖਿਆ ਸਾਮਾਨ ਸੜ ਕੇ ਸੁਆਹ ਹੋ ਗਿਆ| ਰਾਤ ਨੂੰ ਲੱਗੀ ਅੱਗ ਸਵੇਰੇ 11 ਵਜੇ ਤੱਕ ਜਾਰੀ ਰਹੀ| ਇਸੇ ਦੌਰਾਨ ਖੇਤਰ ਦੇ ਪਿੰਡ ਰੋਡੀ ਵਿੱਚ ਇੱਕ ਕਬਾੜ ਦੀ ਦੁਕਾਨ ਨੂੰ ਦੇਰ ਰਾਤ ਪਟਾਕਿਆਂ ਕਾਰਨ ਅੱਗ ਲੱਗ ਗਈ ਜਿਸ ਕਾਰਨ ਦੁਕਾਨ ਦੇ ਨੇੜੇ ਲੱਗੇ ਪਲਾਸਟਿਕ ਤੇ ਗੱਤੇ ਦੇ ਢੇਰ ਨੂੰ ਅੱਗ ਲੱਗਣ ਕਾਰਨ ਕਾਫੀ ਨੁਕਸਾਨ ਹੋਇਆ ਹੈ| ਦੁਕਾਨਦਾਰ ਪਵਨ ਕੁਮਾਰ ਨੇ ਦੱਸਿਆ ਕਿ ਉਸ ਦਾ ਕਰੀਬ 30 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ|