ਦੇਵਿੰਦਰ ਸਿੰਘ
ਯਮੁਨਾਨਗਰ, 19 ਸਤੰਬਰ
ਅਨਾਜ ਮੰਡੀ ਏਜੰਟ ਐਸੋਸੀਏਸ਼ਨ ਜਗਾਧਰੀ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮਾਰਕੀਟ ਕਮੇਟੀ ਦੇ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ । ਜਗਾਧਰੀ ਅਨਾਜ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਮੁਖੀ ਮਨੀਸ਼ ਕੰਬੋਜ ਨੇ ਦੱਸਿਆ ਕਿ ਝੋਨੇ ਦੀ ਫ਼ਸਲ ਦੀ ਖ਼ਰੀਦ ਸ਼ੁਰੂ ਹੋਣ ਵਾਲੀ ਹੈ ਪਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਗੰਭੀਰ ਨਹੀਂ ਹੈ । ਸਰਕਾਰ ਹਰ ਵਾਰ ਮੰਗਾਂ ਨੂੰ ਮੰਨਣ ਦਾ ਸਿਰਫ਼ ਭਰੋਸਾ ਦੇ ਰਹੀ ਹੈ ਪਰ ਉਨ੍ਹਾਂ ਦਾ ਕੋਈ ਹੱਲ ਨਹੀ ਕੱਢ ਰਹੀ। ਇਸ ਕਾਰਨ ਸਮੂਹ ਆੜ੍ਹਤੀਆਂ ਵਿੱਚ ਰੋਸ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਦੇ ਏਜੰਟ ਸਿੱਖਿਆ ਮੰਤਰੀ ਕੰਵਰਪਾਲ ਗੁੱਜਰ ਦੀ ਰਿਹਾਇਸ਼ ’ਤੇ ਜਾ ਕੇ ਉਨ੍ਹਾਂ ਨਾਲ ਗੱਲਬਾਤ ਕਰਨਗੇ। ਜੇ ਸੁਣਵਾਈ ਨਾ ਹੋਈ ਤਾਂ ਉਹ 21 ਸਤੰਬਰ ਨੂੰ ਕਰਨਾਲ ਦੀ ਅਨਾਜ ਮੰਡੀ ਵਿੱਚ ਇਕੱਠੇ ਹੋ ਕੇ ਮੁੱਖ ਮੰਤਰੀ ਦੀ ਰਿਹਾਇਸ਼ ਤੇ ਜਾਣਗੇ । ਜੇਕਰ ਉਥੇ ਵੀ ਗੱਲਬਾਤ ਨਾ ਹੋਈ ਤਾਂ ਘੇਰਾਬੰਦੀ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਪਹਿਲਾਂ ਆੜ੍ਹਤੀਆਂ ਨੂੰ ਫਸਲ ਵੇਚਣ ਤੇ 2.5 ਫੀਸਦੀ ਪ੍ਰਤੀ ਕੁਇੰਟਲ ਕਮਿਸ਼ਨ ਮਿਲਦਾ ਸੀ ਪਰ ਹੁਣ ਸਰਕਾਰ ਨੇ ਇਸ ਨੂੰ ਘਟਾ ਕੇ 46 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ ਅਤੇ ਨਾ ਹੀ ਲੇਬਰ ਚਾਰਜ ਹੀ ਦਿੱਤਾ ਜਾ ਰਿਹਾ । ਇਸ ਕਾਰਨ ਆੜ੍ਹਤੀਆਂ ਨੂੰ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਦੇ ਬਹੁਤ ਸਾਰੇ ਕਿਸਾਨ ਯੂਪੀ ਵਿੱਚ ਖੇਤੀ ਕਰਦੇ ਹਨ ਪਰ ਉਨ੍ਹਾਂ ਦੀ ਫ਼ਸਲ ਵੀ ਇੱਥੇ ਨਹੀਂ ਆਉਣ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਐਲਾਨ ਕੀਤਾ ਹੈ ਕਿ ਜੇ ਕਿਸਾਨਾਂ ਦੀ ਫਸਲ ਦੀ ਅਦਾਇਗੀ ਵਿੱਚ ਦੇਰੀ ਹੁੰਦੀ ਹੈ ਤਾਂ ਸਰਕਾਰ ਵਿਆਜ ਸਮੇਤ ਭੁਗਤਾਨ ਕਰੇਗੀ ਪਰ ਆੜ੍ਹਤੀਆਂ ਦਾ 3 ਸੀਜ਼ਨਾਂ ਦੇ 70 ਕਰੋੜ ਰੁਪਏ ਬਕਾਇਆ ਹਨ ਜੋ ਸਰਕਾਰ ਹੁਣ ਤੱਕ ਅਦਾ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਆੜ੍ਹਤੀਆਂ ਨੇ ਤਾਂ ਕਿਸਾਨਾਂ ਦੀ ਅਦਾਇਗੀ ਕਰ ਦਿੱਤੀ ਪਰ ਉਨ੍ਹਾਂ ਨੂੰ ਅਦਾਇਗੀ ਨਹੀਂ ਹੋਈ। ਆੜ੍ਹਤੀ ਐਸੋਸੀਏਸ਼ਨ ਦੇ ਮੁਖੀ ਮਨੀਸ਼ ਕੰਬੋਜ ਨੇ ਕਿਹਾ ਕਿ ਜੇ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਸਮੂਹ ਆੜ੍ਹਤੀਏ ਸੂਬਾ ਪੱਧਰ ’ਤੇ ਹੜਤਾਲ ਕਰਨਗੇ ।