ਪੱਤਰ ਪ੍ਰੇਰਕ
ਟੋਹਾਣਾ, 7 ਮਾਰਚ
ਜ਼ਿਲ੍ਹਾ ਹੈੱਡਕੁਆਰਟਰ ’ਤੇ ਪੈਂਦੀ ਜਾਟ ਧਰਮਸ਼ਾਲਾ ਵਿੱਚ ਕਿਸਾਨ ਮਹਾਪੰਚਾਇਤ ਵਿੱਚ ਸਯੁੰਕਤ ਕਿਸਾਨ ਮੋਰਚਾ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਸਾਨਾਂ ਨੂੰ ਕਿਹਾ ਕਿ ਸਰਕਾਰ ਸਮਝੌਤੋ ਤੋਂ ਪਾਸਾ ਵੱਟ ਰਹੀ ਹੈ। ਇਸ ਲਈ ਸਾਰਿਆਂ ਨੂੰ ਇਕਜੁੱਟ ਹੋ ਕੇ ਫ਼ਿਰ ਕਿਸਾਨੀ ਅੰਦੋਲਨ ਕਰਨਾ ਹੋਵੇਗਾ। ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਅਗਲੇ ਅੰਦੋਲਨ ਲਈ ਕਿਸਾਨ ਜਥੇਬੰਦੀਆਂ ਛੋਟੀਆਂ-ਛੋਟੀਆਂ ਕਿਸਾਨ ਪੰਚਾਇਤਾਂ ਕਰਕੇ ਕਿਸਾਨਾਂ ਨਾਲ ਹੋਈ ਧੋਖਾਧੜੀ ਦੀ ਗੱਲ ਜਨਤਾ ਤੱਕ ਪਹੁੰਚਾਉਣ। ਉਨ੍ਹਾਂ ਨੇ ਮਹਾਪੰਚਾਇਤ ਵਿੱਚ ਸ਼ਾਮਲ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਨ੍ਹਾਂ ਕੋਲ 13 ਮਹੀਨੇ ਦਾ ਸਮਾਂ ਹੈ ਤੇ ਦੇਸ਼ ਵਿੱਚ 550 ਕਿਸਾਨ ਜਥੇਬੰਦੀਆਂ ਹਨ। ਇਹ ਸਾਰੇ ਸਰਕਾਰ ਦੀਆਂ ਨਾਕਾਮੀਆਂ ਤੇ ਮੁੱਕਰਨ ਵਰਗੇ ਪਹਿਲੂ ਲੈ ਕੇ ਪੂੁਰੇ ਦੇਸ਼ ਵਿੱਚ ਪ੍ਰਚਾਰ ਲਈ ਜੁੱਟ ਜਾਣ। ਇਸ ਨੂੰ ਸਾਂਝੀ ਮੁਹਿੰਮ ਬਣਾ ਕੇ ਚਲਾਇਆ ਜਾਵੇ। ਉਨ੍ਹਾਂ ਕਿਹਾ ਕਿ 2023 ਵਿੱਚ ਇਕ ਵਾਰ ਫ਼ਿਰ ਕਿਸਾਨਾਂ ਤੇ ਆਮ ਲੋਕਾਂ ਨੂੰ ਜੁੜਨਾ ਤੇ ਜੋੜਨਾ ਪਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਬੇਰੁਜ਼ਗਾਰੀ ਸ਼ਿਖਰ ’ਤੇ ਜਾ ਪੁੱਜ ਚੁੱਕੀ ਹੈ, ਕਿਸਾਨੀ ਖ਼ਤਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਸਰਕਾਰ ਸਿਰਫ਼ ਪੁੰਜੀਪਤੀਆਂ ਦੀ ਬਣ ਕੇ ਰਹਿ ਗਈ ਹੈ। ਇਹ ਲੋਕ ਬਹੁਰੂਪੀਏ ਦਾ ਰੋਲ ਅਦਾ ਕਰਕੇ ਸੱਤਾ ਦਾ ਅਨੰਦ ਲੈ ਰਹੇ ਹਨ। ਜੋ ਜਨਤਾ ਸਾਹਮਣੇ ਹੋਰ ਰੂਪ ਵਿੱਚ ਤੇ ਸਰਕਾਰ ਵਿੱਚ ਹੋਰ ਰੂਪ ਵਿੱਚ ਪੇਸ਼ ਆ ਰਹੇ ਹਨ। ਯੂਪੀ ਦੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਸਵਾਲ ’ਤੇ ੳਨ੍ਹਾਂ ਕਿਹਾ ਕਿ ਜਨਤਾ ਨਿਰਾਸ਼ ਹੈ ਤੇ ਰੁਜ਼ਗਾਰ ਦੇ ਨਾਂ ’ਤੇ ਵੋਟ ਦੇ ਰਹੀ ਹੈ। ਯੂਪੀ ਵਿੱਚ ਸੱਤਾਧਾਰੀ ਪਾਰਟੀ ਨੂੰ ਉਨ੍ਹਾਂ ਦੇ ਕਰਮਾਂ ਦੀ ਸਜ਼ਾ ਜ਼ਰੂਰ ਮਿਲੇਗੀ।