ਪੱਤਰ ਪ੍ਰੇਰਕ
ਗੂਹਲਾ ਚੀਕਾ, 19 ਜੁਲਾਈ
ਕਿਸਾਨਾਂ ਦੀ ਮਾਲਕੀ ਵਾਲੀ ਜ਼ਮੀਨ ਸਬੰਧੀ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਵਿਰੋਧ ਵਿੱਚ ਅੱਜ ਗੁਰਦੁਆਰਾ ਸਾਹਿਬ ਛੇਵੀਂ ਅਤੇ ਨੌਵੀਂ ਪਾਤਸ਼ਾਹੀ ਵਿੱਚ ਕਿਸਾਨਾਂ ਦੀ ਇਕੱਤਰਤਾ ਹੋਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਵੀ ਪੁੱਜੇ। ਸ੍ਰੀ ਚੜੂਨੀ ਨੇ ਕਿਹਾ ਕਿ ਮਾਲਕੀ ਵਾਲੀ ਜ਼ਮੀਨ ਸਬੰਧੀ ਸੁਪਰੀਮ ਕੋਰਟ ਦਾ ਫੈਸਲਾ ਕਿਸਾਨਾਂ ਦੇ ਵਿਰੋਧ ਵਿੱਚ ਹੈ। ਉਨ੍ਹਾਂ ਸਰਕਾਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਦੋ ਸਾਲਾਂ ਤੋਂ ਸਰਕਾਰ ਲੈਂਡ ਬੈਂਕ ਬਣਾ ਰਹੀ ਹੈ। ਸਰਕਾਰ ਕਿਸਾਨਾਂ ਦੀਆਂ ਇਹ ਜ਼ਮੀਨਾਂ ਵੱਡੀਆਂ ਕੰਪਨੀਆਂ ਨੂੰ ਲੀਜ਼ ’ਤੇ ਦੇਵੇਗੀ। ਇਸ ਤਰ੍ਹਾਂ ਖੇਤਾਂ ਵਿੱਚ ਕੰਪਨੀਆਂ ਦੀ ਐਂਟਰੀ ਹੋ ਜਾਵੇਗੀ ਅਤੇ ਕਿਸਾਨ ਨੂੰ ਆਪਣੀ ਖੇਤੀ 5-10 ਏਕੜ ਵਿੱਚ ਹੀ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਗੈਰ-ਮਲਕੀਅਤ ਵਾਲੀਆਂ ਜ਼ਮੀਨਾਂ ਨੂੰ ਆਪਣੇ ਕਬਜ਼ੇ ਵਿੱਚ ਲੈਣ ਲਈ ਲੈਂਡ ਬੈਂਕਾਂ ਰਾਹੀਂ ਕਾਰਵਾਈ ਤੇਜ਼ ਕਰ ਦਿੱਤੀ ਹੈ। ਪਿੰਡ ਵਿੱਚ ਮੁਸਤਰਕਾ ਖਾਤਾ, ਪੱਟੀ ਖਾਤਾ ਵਰਗੀਆਂ ਅੱਠ ਕਿਸਮ ਦੀਆਂ ਜ਼ਮੀਨਾਂ ਹਨ, ਜਿਨ੍ਹਾਂ ਦੀ ਮਾਲਕੀ ਕਿਸੇ ਕੋਲ ਨਹੀਂ ਹੈ। ਸਰਕਾਰ ਨੇ ਅਜਿਹੀ ਜ਼ਮੀਨ ਨੂੰ ਆਪਣੇ ਅਧੀਨ ਲੈਣ ਲਈ ਯਤਨ ਸ਼ੁਰੂ ਕਰ ਦਿੱਤੇ ਹਨ।
ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਰੱਦ ਕੀਤੇ ਗਏ ਤਿੰਨੋਂ ਖੇਤੀ ਕਾਨੂੰਨਾਂ ਨੂੰ ਮੁੜ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਮੰਡੀਆਂ ਦਾ ਕੰਮ ਮੁਕੰਮਲ ਕੀਤਾ ਜਾਵੇਗਾ ਅਤੇ ਅਨਾਜ ਸਿੱਧਾ ਕੰਪਨੀਆਂ ਦੇ ਗੁਦਾਮਾਂ ਵਿੱਚ ਭੇਜਿਆ ਜਾਵੇਗਾ। ਇਸੇ ਲੈਂਡ ਬੈਂਕ ਯੋਜਨਾ ਤਹਿਤ ਸਰਕਾਰ ਖੇਤੀਬਾੜੀ ਖੇਤਰ ਵਿੱਚ ਪ੍ਰਾਈਵੇਟ ਕੰਪਨੀਆਂ ਨੂੰ ਲਾਂਚ ਕਰੇਗੀ। ਲੈਂਡ ਬੈਂਕ ਵਿੱਚ ਜਮ੍ਹਾਂ ਕਰਵਾਈ ਜ਼ਮੀਨ ’ਤੇ ਕਾਰਪੋਰੇਟ ਕੰਪਨੀਆਂ ਆਪਣੀ ਮਨ ਮਰਜ਼ੀ ਨਾਲ ਖੇਤੀ ਕਰਨਗੀਆਂ, ਜਿਸ ਦੇ ਮੁਕਾਬਲੇ ਛੋਟੇ ਕਿਸਾਨਾਂ ਦਾ ਗੁਜ਼ਾਰਾ ਨਹੀਂ ਚੱਲ ਸਕੇਗਾ। ਜ਼ਮੀਨ ਬਚਾਉਣ ਲਈ ਕਿਸਾਨਾਂ ਨੂੰ ਇਕਜੁੱਟ ਹੋਣਾ ਪਵੇਗਾ। ਇਸ ਸਬੰਧੀ 25 ਜੁਲਾਈ ਨੂੰ ਸੂਬੇ ਭਰ ਵਿੱਚ ਤਹਿਸੀਲ ਪੱਧਰ ’ਤੇ ਮੁੱਖ ਮੰਤਰੀ ਨੂੰ ਮੰਗ ਪੱਤਰ ਦਿੱਤੇ ਜਾਣਗੇ। 25 ਅਗਸਤ ਨੂੰ ਪੀਪਲੀ ਅਨਾਜ ਮੰਡੀ ਵਿੱਚ ਕਿਸਾਨਾਂ ਦੀ ਰੈਲੀ ਹੋਵੇਗੀ। ਇੱਥੋਂ ਹੀ ਸਰਕਾਰ ਵਿਰੁੱਧ ਅੰਦੋਲਨ ਦਾ ਬਿਗੁਲ ਵੱਜੇਗਾ। ਇਸ ਮੌਕੇ ਸੂਬਾ ਮੀਤ ਪ੍ਰਧਾਨ ਸੁਭਾਸ ਭਾਗਲ, ਜਿਲਾ ਮੀਤ ਪ੍ਰਧਾਨ ਕੇਵਲ ਸਿੰਘ ਸਦਰਹੇੜੀ, ਜਰਨੈਲ ਸਿੰਘ ਜੈਲੀ, ਸਹਬਿ ਸਿੰਘ ਸੰਧੂ, ਗੁਰਪਾਲ, ਸਾਬਕਾ ਸਰਪੰਚ ਗੁਰਦੀਪ ਸਿੰਘ, ਜੋਗਿੰਦਰ ਸਿੰਘ, ਮਲਕੀਤ ਸਿੰਘ ਡਾਬਾ, ਗੁਰਬਚਨ ਸਿੰਘ ਹਰੀਗੜ ਕਿੰਗਣ ਆਦਿ ਮੈਂਬਰ ਹਾਜ਼ਰ ਸਨ।