ਸ਼ਾਹਬਾਦ ਮਾਰਕੰਡਾ: ਸ਼ਾਹਬਾਦ ਅਨਾਜ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਤੇ ਹਰਿਆਣਾ ਕੋਲਡ ਸਟੋਰ ਆਨਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸਵਰਣਜੀਤ ਸਿੰਘ ਕਾਲੜਾ ਬਿੱਟੂ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਝੋਨੇ ਦੀ ਖਰੀਦ 26 ਸਤੰਬਰ ਤੋਂ ਸ਼ੁਰੂ ਕੀਤੀ ਗਈ ਸੀ ਪਰ ਅੱਜ 21 ਦਿਨ ਬੀਤ ਜਾਣ ਦੇ ਬਾਦ ਵੀ ਸਰਕਾਰ ਵਲੋਂ ਖਰੀਦੇ ਝੋਨੇ ਦਾ ਭੁਗਤਾਨ ਨਹੀਂ ਹੋ ਸਕਿਆ। ਉਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ 72 ਘੰਟੇ ਵਿਚ ਭੁਗਤਾਨ ਦੇ ਦਾਅਵੇ ਖੋਖਲੇ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਮੰਡੀ ਦੇ 178 ਆੜ੍ਹਤੀਆਂ ਦੀ ਸਰਕਾਰ ਵੱਲ ਝੋਨੇ ਦੀ ਕਰੀਬ 175 ਕਰੋੜ ਅਦਾਇਗੀ ਪਈ ਹੋਈ ਹੈ। ਮਹਾਂਰਿਸ਼ੀ ਮਾਰਕੰਡੇਸ਼ਵਰ ਕੱਚਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਧਨਪਤ ਰਾਏ ਅਗਰਵਾਲ ਨੇ ਕਿਹਾ ਹੈ ਕਿ ਜੇ ਸਰਕਾਰ ਨੇ ਖਰੀਦੇ ਝੋਨੇ ਦੀ ਅਦਾਇਗੀ ਛੇਤੀ ਨਾ ਕੀਤੀ ਤਾਂ ਆੜ੍ਹਤੀ ਤੇ ਕਿਸਾਨ ਸੜਕਾਂ ’ਤੇ ਆ ਜਾਣਗੇ। -ਪੱਤਰ ਪ੍ਰੇਰਕ