ਪ੍ਰਭੂ ਦਿਆਲ
ਸਿਰਸਾ, 6 ਅਗਸਤ
ਟੋਕੀਓ ਓਲੰਪਿਕ ’ਚ ਭਾਵੇਂ ਭਾਰਤੀ ਮਹਿਲਾ ਹਾਕੀ ਟੀਮ ਤਗ਼ਮੇ ਤੋਂ ਖੁੰਝ ਗਈ ਹੈ ਪਰ ਟੀਮ ਨੇ ਚੰਗੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਇਤਿਹਾਸ ਸਿਰਜ ਦਿੱਤਾ ਹੈ। ‘‘ਕੁੜੀਆਂ ਨੂੰ ਖੇਡਾਂ ਲਈ ਹੋਰ ਜ਼ਿਆਦਾ ਮੌਕੇ ਦਿੱਤੇ ਜਾਣੇ ਚਾਹੀਦੇ ਹਨ। ਹਾਰ ਜਿੱਤ ਖੇਡ ਦਾ ਹਿੱਸਾ ਹੈ, ਇਸ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ ਪਰ ਭਾਰਤੀ ਟੀਮ ਤਗ਼ਮੇ ਤੋਂ ਰਹਿ ਗਈ ਹੈ, ਦੁੱਖ ਤਾਂ ਹਰ ਭਾਰਤੀ ਨੂੰ ਹੈ।’’ ਇਹ ਪ੍ਰਗਟਾਵਾ ਭਾਰਤੀ ਮਹਿਲਾ ਹਾਕੀ ਟੀਮ ਦੀ ਗੋਲਕੀਪਰ ਸਵਿਤਾ ਪੂਨੀਆ ਦੇ ਪਿਤਾ ਮਹਿੰਦਰ ਪੂਨੀਆ ਨੇ ਟੀਮ ਵੱਲੋਂ ਮੈਚ ਹਾਰਨ ਤੋਂ ਬਾਅਦ ਪਿੰਡ ਜੋਧਕਾ ਵਿੱਚ ਆਪਣੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਹੈ।
ਭਾਰਤੀ ਹਾਕੀ ਟੀਮ ਦੀ ਗੋਲਕੀਪਰ ਸਵਿਤਾ ਪੂਨੀਆ ਦੇ ਪੂਰੇ ਪਰਿਵਾਰ ਨੇ ਗ੍ਰੇਟ ਬ੍ਰਿਟੇਨ ਤੇ ਭਾਰਤ ਵਿਚਾਲੇ ਹੋਏ ਹਾਕੀ ਦੇ ਮੈਚ ਨੂੰ ਦੇਖਿਆ। ਤਗ਼ਮੇ ਦੀ ਆਸ ਲਾਈ ਬੈਠੇ ਪਰਿਵਾਰ ਨੇ ਮੈਚ ਦੌਰਾਨ ਕਈ ਵਾਰ ਮੈਚ ਜਿੱਤਣ ਲਈ ਅਰਦਾਸ ਕੀਤੀ। ਮੈਚ ਹਾਰਨ ਮਗਰੋਂ ਪਰਿਵਾਰ ਵਿੱਚ ਜਿਥੇ ਮਾਯੂਸੀ ਸੀ, ਉਥੇ ਹੀ ਸਵਿਤਾ ਪੂਨੀਆ ਦੇ ਪਿਤਾ ਮਹਿੰਦਰ ਪੂਨੀਆ ਲੜਕੀਆਂ ਨੂੰ ਹੋਰ ਜ਼ਿਆਦਾ ਮੌਕੇ ਦਿੱਤੇ ਜਾਣ ਦੀ ਵਕਾਲਤ ਕੀਤੀ। ਮਹਿੰਦਰ ਪੂਨੀਆ ਨੇ ਕਿਹਾ ਕਿ ਤਗ਼ਮੇ ਤੋਂ ਖੁੰਝਣ ਦਾ ਉਨ੍ਹਾਂ ਨੂੰ ਦੁੱਖ ਜ਼ਰੂਰ ਹੈ ਪਰ ਭਾਰਤੀ ਮਹਿਲਾ ਹਾਕੀ ਟੀਮ ਨੇ ਇਤਿਹਾਸ ਸਿਰਜ ਦਿੱਤਾ ਹੈ।
ਟੀਮ ਦਾ ਇਥੋਂ ਤੱਕ ਪਹੁੰਚਣਾ ਇਹ ਸਾਬਿਤ ਕਰਦਾ ਹੈ ਕਿ ਭਾਰਤੀ ਟੀਮ ਹੋਰਾਂ ਟੀਮਾਂ ਤੋਂ ਘੱਟ ਨਹੀਂ ਹੈ।