ਪੱਤਰ ਪ੍ਰੇਰਕ
ਰਤੀਆ, 10 ਅਕਤੂਬਰ
ਰਤੀਆ ਦੇ ਟੋਹਾਣਾ ਰੋਡ ’ਤੇ ਇੱਕ ਨਿੱਜੀ ਹਸਪਤਾਲ ਵਿੱਚ ਅੱਜ ਇਲਾਜ ਅਧੀਨ ਅੱਠ ਸਾਲਾ ਲੜਕੀ ਦੀ ਮੌਤ ਹੋ ਗਈ, ਜਿਸ ਤੋਂ ਭੜਕੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਵਿਚ ਜ਼ੋਰਦਾਰ ਹੰਗਾਮਾ ਕੀਤਾ ਅਤੇ ਭੰਨ-ਤੋੜ ਕੀਤੀ। ਹਸਪਤਾਲ ਦੇ ਸਟਾਫ਼ ਨੇ ਭੱਜ ਕੇ ਆਪਣੀ ਜਾਨ ਬਚਾਈ।
ਸੂਚਨਾ ਮਿਲਣ ’ਤੇ ਸਿਟੀ ਥਾਣਾ ਮੁਖੀ ਜਗਦੀਸ਼ ਚੰਦਰ ਭਾਰੀ ਪੁਲੀਸ ਫੋਰਸ ਲੈ ਕੇ ਘਟਨਾ ਸਥਾਨ ’ਤੇ ਪਹੁੰਚੇ ਅਤੇ ਮਾਮਲਾ ਸ਼ਾਂਤ ਕੀਤਾ। ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਡਾਕਟਰ ਅਤੇ ਸਟਾਫ ’ਤੇ ਇਲਾਜ ਦੌਰਾਨ ਲਾਪ੍ਰਵਾਹੀ ਵਰਤਣ ਤੇ ਪੈਸੇ ਮੰਗਣ ਦੇ ਦੋਸ਼ ਲਗਾਉਂਦਿਆਂ ਸ਼ਿਕਾਇਤ ਦਰਜ ਕਰਵਾਈ ਹੈ। ਉਧਰ, ਹਸਪਤਾਲ ਦੇ ਸੰਚਾਲਕ ਵੱਲੋਂ ਪੀੜਤ ਪਰਿਵਾਰਕ ਮੈਂਬਰਾਂ ਖ਼ਿਲਾਫ਼ ਹਸਪਤਾਲ ਵਿੱਚ ਭੰਨ-ਤੋੜ ਦੀ ਧਮਕੀ ਦੇਣ ਦੀ ਸ਼ਿਕਾਇਤ ਦਰਜ ਕਰਵਾਈ ਹੈ।
ਵਾਰਡ ਨੰ. 7 ਨਿਵਾਸੀ ਪ੍ਰੇਮ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਲੜਕੀ ਨਵਨੀਤ ਕੌਰ ਕੁੱਝ ਦਿਨਾਂ ਤੋਂ ਬਿਮਾਰ ਚੱਲ ਰਹੀ ਸੀ ਅਤੇ ਉਸ ਨੂੰ ਦਸਤ ਲੱਗੇ ਹੋਏ ਸਨ। ਲੜਕੀ ਨੂੰ ਟੋਹਾਣਾ ਰੋਡ ਵਾਰਡ ਨੰ: 7 ਵਿੱਚ ਹੀ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਲੜਕੀ ਦੇ ਪਿਤਾ ਪ੍ਰੇਮ ਸਿੰਘ ਨੇ ਦੋਸ਼ ਲਗਾਇਆ ਕਿ ਹਸਪਤਾਲ ਦੇ ਸੰਚਾਲਕ ਤੋਂ ਜਦੋਂ ਵੀ ਲੜਕੀ ਦੀ ਸਿਹਤ ਬਾਰੇ ਪੁੱਛਦੇ ਤਾਂ ਉਨ੍ਹਾਂ ਨੂੰ ਕਹਿੰਦਾ ਹੈ ਕਿ ਲੜਕੀ ਠੀਕ ਹੈ ਅਤੇ ਇਲਾਜ ਦੇ ਪੈਸੇ ਜਮ੍ਹਾਂ ਕਰਵਾ ਦਿਓ, ਜਿਸ ’ਤੇ ਉਨ੍ਹਾਂ ਦੋ ਤਿੰਨ ਵਾਰ ਪੈਸੇ ਜਮ੍ਹਾਂ ਕਰਵਾ ਦਿੱਤੇ। ਅੱਜ ਸਵੇਰੇ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਲੜਕੀ ਦੀ ਹਾਲਤ ਖਰਾਬ ਹੈ ਅਤੇ ਤੁਸੀਂ ਇਸ ਨੂੰ ਕਿਸੇ ਹੋਰ ਹਸਪਤਾਲ ਵਿਚ ਲੈ ਜਾਣ ਅਤੇ ਕੁੱਝ ਹੀ ਸਮੇਂ ਵਿਚ ਉਸ ਦੀ ਮੌਤ ਹੋ ਗਈ। ਜਦੋਂ ਇਸ ਦੀ ਸੂਚਨਾ ਮੁਹੱਲੇ ਦੇ ਲੋਕਾਂ ਨੂੰ ਮਿਲੀ ਤਾਂ ਉਹ ਕਾਫ਼ੀ ਗਿਣਤੀ ਵਿਚ ਹਸਪਤਾਲ ਵਿਚ ਪਹੁੰਚ ਗਏ ਅਤੇ ਹਸਪਤਾਲ ਦੇ ਸੰਚਾਲਕ ਤੇ ਲਾਪ੍ਰਵਾਹੀ ਦਾ ਦੋਸ਼ ਲਗਾਉਂਦੇ ਉਥੇ ਭੰਨ-ਤੋੜ ਕਰ ਦਿੱਤੀ, ਜਿਸ ਨੂੰ ਦੇਖਦੇ ਹੋਏ ਸਟਾਫ਼ ਨੇ ਮੌਕੇ ਤੋਂ ਆਪਣੀ ਜਾਨ ਬਚਾ ਕੇ ਭੱਜਿਆ। ਇਸ ਮਾਮਲੇ ਦੀ ਸੂੂਚਨਾ ਪੁਲੀਸ ਨੂੰ ਦਿੱਤੀ ਗਈ ਤਾਂ ਥਾਣਾ ਮੁਖੀ ਜਗਦੀਸ਼ ਚੰਦਰ ਭਾਰੀ ਗਿਣਤੀ ਵਿਚ ਪੁਲੀਸ ਫੋਰਸ ਲੈ ਕੇ ਮੌਕੇ ਤੇ ਪਹੁੰਚ ਗਏ। ਇਸ ਦੌਰਾਨ ਲੜਕੀ ਦੇ ਪਰਿਵਾਰਕ ਮੈਂਬਰ ਲੜਕੀ ਦੀ ਲਾਸ਼ ਨੂੰ ਲੈ ਕੇ ਆਪਣੇ ਘਰ ਚਲੇ ਗਏ। ਉਥੇ ਸੂਚਨਾ ਮਿਲਣ ਤੇ ਹਸਪਤਾਲ ਦੇ ਸੰਚਾਲਕ ਆਰ.ਕੇ ਸਿੰਘ ਵੀ ਮੌਕੇ ਤੇ ਪਹੁੰਚ ਗਏ ਅਤੇ ਉਨ੍ਹਾਂ ਹਸਪਤਾਲ ਵਿਚ ਭੰਨ-ਤੋੜ ਕਰਨ ਵਾਲੇ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਖਿਲਾਫ਼ ਭੰਨਤੋੜ ਕਰਨ ਅਤੇ ਧਮਕੀ ਦੇਣ ਦੀ ਸ਼ਿਕਾਇਤ ਪੁਲੀਸ ਦੇ ਦਰਜ ਕਰਵਾਈ ਹੈ।
ਉਧਰ, ਸਿਟੀ ਥਾਣਾ ਮੁਖੀ ਜਗਦੀਸ਼ ਚੰਦਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਅਤੇ ਹਸਪਤਾਲ ਦੇ ਸੰਚਾਲਕ ਵਲੋਂ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ ਪਰ ਬਾਅਦ ਵਿਚ ਦੋਵੇਂ ਧਿਰਾਂ ਵਿਚ ਪੰਚਾਇਤੀ ਸਮਝੌਤਾ ਹੋ ਗਿਆ ਅਤੇ ਦੋਵੇਂ ਧਿਰਾਂ ਨੇ ਆਪਣੀ ਸ਼ਿਕਾਇਤ ਵਾਪਸ ਲੈ ਲਈ ਹੈ।