ਪੱਤਰ ਪ੍ਰੇਰਕ
ਰਤੀਆ, 9 ਜੁਲਾਈ
ਇਥੇ ਸਿਹਤ ਵਿਭਾਗ ਦੀ ਟੀਮ ਨੇ ਗਰਭਵਤੀ ਮਹਿਲਾ ਦੇ ਭਰੂਣ ਲਿੰਗ ਦੀ ਜਾਂਚ ਕਰਨ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਇੱਕ ਮਹਿਲਾ ਦਲਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਦੋਂ ਕਿ ਇਸ ਮਾਮਲੇ ਦਾ ਸਰਗਨਾ ਪੰਜਾਬ ਖੇਤਰ ਨਾਲ ਸਬੰਧਤ ਹੋ ਕਰ ਕੇ ਮੌਕੇ ਤੋਂ ਗੱਡੀ ਸਮੇਤ ਫਰਾਰ ਹੋ ਗਿਆ ਹੈ। ਟੀਮ ਦੀ ਅਗਵਾਈ ਕਰ ਰਹੇ ਉਪ ਸਿਵਲ ਸਰਜਨ ਡਾ. ਗਿਰਿਸ਼ ਡੋਡਾ ਨੇ ਪੁਲੀਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁੱਝ ਲੋਕ ਫਤਿਆਬਾਦ ਵਿੱਚ ਭਰੂਣ ਲਿੰਗ ਟੈਸਟ ਕਰਨ ਦਾ ਗੈਰ ਕਾਨੂੰਨੀ ਧੰਦਾ ਕਰ ਰਹੇ ਹਨ। ਜਿਸ ’ਤੇ ਕਾਰਵਾਈ ਕਰਦਿਆਂ ਸਿਵਲ ਸਰਜਨ ਡਾ. ਵਿਰੇਸ਼ ਭੂਸ਼ਣ ਨੇ ਇੱਕ ਜਾਂਚ ਟੀਮ ਦਾ ਗਠਨ ਕੀਤਾ ਜਿਸ ਵਿੱਚ ਡਾ. ਦੀਪਕ ਕੁਮਾਰ ਅਤੇ ਡਾ. ਹਰਸਿਮਰਨ ਸਿੰਘ ਨੂੰ ਵੀ ਸ਼ਾਮਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਲਈ ਸਿਵਲ ਸਰਜਨ ਨੇ ਉਨ੍ਹਾਂ 27 ਹਜ਼ਾਰ ਰੁਪਏ ਆਪਣੇ ਦਸਤਖ਼ਤ ਕਰਕੇ ਦਿੱਤੇ। ਉਨ੍ਹਾਂ ਦੱਸਿਆ ਕਿ ਸਿਰਸਾ ਦੇ ਦੀਪਕ ਕੁਮਾਰ ਇੱਕ ਪੰਜਾਬ ਨੰਬਰ ਦੀ ਚਿੱਟੇ ਰੰਗ ਦੀ ਆਲਟੋ ਕਾਰ ’ਤੇ ਇਕ ਗਰਭਵਤੀ ਮਹਿਲਾ ਨੂੰ ਨਾਲ ਲੈ ਕੇ ਸਵੇਰੇ 7 ਵਜੇ ਹੀ ਸਥਾਨਕ ਬੁਢਲਾਡਾ ਰੋਡ ’ਤੇ ਘੱਗਰ ਨਦੀ ਦੇ ਪੁਲ ਕੋਲ ਇੱਕ ਪੈਟਰੋਲ ਪੰਪ ’ਤੇ ਆ ਗਏ ਜਿੱਥੇ ਕਰਮਜੀਤ ਕੌਰ ਗਰਭਵਤੀ ਮਹਿਲਾ ਨੂੰ ਲੈ ਕੇ ਅੱਗੇ ਚਲੇ ਗਈ ਅਤੇ ਉੱਥੇ ਇੱਕ ਵਰਨਾ ਗੱਡੀ ਆਈ ਅਤੇ ਉਸ ਗਰਭਵਤੀ ਮਹਿਲਾ ਦੇ ਪੇਟ ਦਾ ਅਲਟਰਾਸਾਊਂਡ ਕਰ ਦਿੱਤਾ। ਇੰਨੇ ਵਿੱਚ ਸਿਹਤ ਵਿਭਾਗ ਦੀ ਟੀਮ ਮੌਕੇ ’ਤੇ ਪਹੁੰਚ ਗਈ ਜਿਸ ਨੂੰ ਦੇਖਦਿਆਂ ਵਰਨਾ ਗੱਡੀ ਵਾਲਾ ਮੌਕੇ ਤੋਂ ਫਰਾਰ ਹੋ ਗਿਆ। ਟੀਮ ਨੇ ਉਕਤ ਰਾਸ਼ੀ ਉਨ੍ਹਾਂ ਕੋਲੋ ਬਰਾਮਦ ਕਰ ਲਈ। ਪੁਲੀਸ ਨੇ ਵਰਨਾ ਗੱਡੀ ਦੇ ਮਾਲਕ ਅਹਿਮਦਗੜ੍ਹ ਵਾਸੀ ਮਲਕੀਤ ਸਿੰਘ ਅਤੇ ਕਰਮਜੀਤ ਕੌਰ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਥਾਣਾ ਮੁਖੀ ਜੈ ਭਗਵਾਨ ਸ਼ਰਮਾ ਦਾ ਕਹਿਣਾ ਹੈ ਕਿ ਕਰਮਜੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਲਕੀਤ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ।