ਦਵਿੰਦਰ ਿਸੰਘ
ਯਮੁਨਾਨਗਰ, 12 ਸਤੰਬਰ
ਸ਼ਹਿਰ ਦੇ ਸੈਕਟਰ-12 ਹੂਡਾ ਵਾਸੀ ਦਿੱਲੀ ਪਬਲਿਕ ਸਕੂਲ ਦੇ ਨੌਂਵੀ ਕਲਾਸ ਦੇ ਵਿਦਿਆਰਥੀ ਗੌਰਵ ਸਿੰਘ ਨੇ ਇੱਕ ਅਜਿਹੀ ਐਪ ਤਿਆਰ ਕੀਤੀ ਹੈ ਜਿਸ ਦੀ ਵਰਤੋਂ ਨਾਲ ਨੈੱਟਵਰਕ ਸਿਗਨਲ ਦੀ ਤਾਕਤ ਵੱਧ ਜਾਵੇਗੀ। ਸਿੱਖਿਆ ਅਧਿਕਾਰੀ ਸਤਪਾਲ ਕੌਸ਼ਿਕ ਨੇ ਦੱਸਿਆ ਕਿ ਸਾਇੰਸ ਐਂਡ ਟੈਕਨਾਲਜੀ ਵਿਭਾਗ ਵੱਲੋਂ ਹਰ ਸਾਲ ਸਕੂਲ ਵਿਦਿਆਰਥੀਆਂ ਵਿੱਚ ਮੁਕਾਬਲੇ ਕਰਵਾਏ ਜਾਂਦੇ ਹਨ ਜਿਸ ਵਿੱਚ ਵਿਦਿਆਰਥੀ ਆਪੋ ਅਪਣੀਆਂ ਕਾਢਾਂ ਪੇਸ਼ ਕਰਦੇ ਹਨ, ਇਸ ਰਾਸ਼ਟਰੀ ਪੱਧਰ ਪ੍ਰਤਿਯੋਗਤਾ ਵਿੱਚ ਗੌਰਵ ਸਿੰਘ ਨੇ ਆਪਣੇ ਵੱਲੋਂ ਤਿਆਰ ਕੀਤੀ ਐਪ ਨੂੰ ਭੇਜਿਆ ਸੀ ਜਿਸ ਦੇ ਐਲਾਨ ਕੀਤੇ ਨਤੀਜਿਆਂ ਵਿੱਚ ਗੌਰਵ ਦਾ ਆਈਡਿਆ ਦੇਸ਼ ਦੇ ਟੌਪ 60 ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਵਿਚ ਹਰਿਆਣਾ ਪ੍ਰਦੇਸ਼ ਦੇ ਚਾਰ ਬੱਚਿਆ ਦੀ ਚੋਣ ਹੋਈ ਹੈ ਜਿਨ੍ਹਾਂ ਵਿੱਚ ਕਵਿਸ਼ ਸਰਦਾਨਾ, ਸੰਚਿਤ ਕੁਮਾਰ ਅਤੇ ਪ੍ਰੀਤਮ ਦਾਸ ਫਰੀਦਾਬਾਦ ਤੋਂ ਹਨ ਅਤੇ ਯਮੁਨਾਨਗਰ ਤੋਂ ਗੌਰਵ ਸਿੰਘ ਹੈ। ਗੌਰਵ ਸਿੰਘ ਮੁਤਾਬਕ ਕੰਪਨੀਆਂ ਚਾਹੁਣ ਤਾਂ ਇਹ ਸੇਵਾ ਮੁਫਤ ਜਾਂ ਥੋੜ੍ਹੀ ਜਿਹੀ ਰਕਮ ਨਾਲ ਆਪਣੇ ਵਰਤੋਂਕਾਰਾਂ ਨੂੰ ਮੁਹੱਈਆ ਕਰਵਾ ਸਕਦੀਆਂ ਹਨ। ਗੌਰਵ ਤੇ ਪਿਤਾ ਡਾ. ਐਸ ਵਿਜੇ ਸਿੰਘ ਅਤੇ ਮਾਤਾ ਡਾ. ਅਰੁਣਾ ਦੋਵੇਂ ਦੰਦਾਂ ਦੇ ਮਾਹਿਰ ਡਾਕਟਰ ਹਨ। ਦਿੱਲੀ ਪਬਲਿਕ ਸਕੂਲ ਦੇ ਚੇਅਰਮੈਨ ਰਾਮ ਨਿਵਾਸ ਗਰਗ ਅਤੇ ਪ੍ਰਿੰਸੀਪਲ ਬੀ. ਮੁਰਲੀ ਨੇ ਗੌਰਵ ਸਿੰਘ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਦੇਸ਼ ਦੇ ਰਾਸ਼ਟਰਪਤੀ ਜਲਦੀ ਹੀ ਇਨ੍ਹਾਂ ਨੰਨ੍ਹੇ ਵਿਗਿਆਨੀਆਂ ਨੂੰ ਸਨਮਾਨਿਤ ਕਰਨਗੇ।