ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 6 ਦਸੰਬਰ
ਨਗਰ ਪ੍ਰੀਸ਼ਦ ਡੱਬਵਾਲੀ ਦੇ ਪ੍ਰਸਤਾਵਿਤ ਕੂੜਾ ਨਿਪਟਾਰਾ ਪਲਾਂਟ ਲਈ ਰਾਮਬਾਗ ਤੋਂ ਰਾਹ ਲੈਣ ਖਾਤਰ ਖੁਦਾਈ ਦੌਰਾਨ ਉੱਥੇ ਦਫ਼ਨਾਏ ਬੱਚਿਆਂ ਦੀਆਂ ਲਾਸ਼ਾਂ ਅਤੇ ਪਿੰਜਰ ਬਾਹਰ ਨਿਕਲਣ ਕਰਕੇ ਮਾਮਲਾ ਗਰਮਾ ਗਿਆ ਹੈ। ਇਸ ਤੋਂ ਭੜਕੇ ਲੋਕਾਂ ਨੇ ਕੰਮ ਰੁਕਵਾ ਦਿੱਤਾ ਹੈ। ਰਿਹਾਇਸ਼ੀ ਕਬੀਰ ਬਸਤੀ, ਭਾਟੀ ਕਾਲੋਨੀ ਦੇ ਨਾਲ ਬਣਾਏ ਜਾ ਰਹੇ ਕੂੜ ਨਿਪਟਾਰਾ ਪਲਾਂਟ ਦੀ ਨਿਰਧਾਰਤ ਕੀਤੀ ਜ਼ਮੀਨ ’ਤੇ ਪਹਿਲਾਂ ਹੀ ਸਵਾਲ ਉੱਠ ਰਹੇ ਹਨ। ਸ਼ਹਿਰ ਵਾਸੀਆਂ ਨੇ ਭਾਵਨਾਵਾਂ ਨੂੰ ਠੇਸ ਪਹੁੰਚਣ ਕਰਕੇ ਨਗਰ ਪ੍ਰੀਸ਼ਦ ਦੇ ਅਧਿਕਾਰੀਆਂ ਅਤੇ ਇਸ ਕਾਰਵਾਈ ’ਚ ਸ਼ਾਮਲ ਲੋਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਮੰੰਗੀ ਹੈ।
ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ’ਚ ਕੂੜੇ ਸੁੱਟਣ ਲਈ ਵਰਤੀ ਜਾ ਰਹੀ 9 ਏਕੜ ਜ਼ਮੀਨ ’ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਡੱਬਵਾਲੀ ਰੈਲੀ ’ਚ ਕਿਸਾਨਾਂ ਦੀ ਸਹੂਲਤ ਲਈ ਖੁੱਲ੍ਹ ਫੜ੍ਹ ਬਣਾਉਣ ਦਾ ਐਲਾਨ ਕੀਤਾ ਸੀ। ਇਹ ਯੋਜਨਾ ਕਥਿਤ ਤੌਰ ’ਤੇ ਨਗਰ ਪ੍ਰੀਸ਼ਦ ਦੇ ਅਧਿਕਾਰੀਆਂ ਨੇ ਨਿੱਜੀ ਸਵਾਰਥਾਂ ਕਰਕੇ ਸਿਰੇ ਨਹੀਂ ਚੜ੍ਹਨ ਦਿੱਤੀ। ਕੂੜਾ ਨਿਪਟਾਰਾ ਪਲਾਂਟ ਲਈ ਨਿਯਮਾਂ ਉਲੰਘ ਕੇ ਅਧਿਕਾਰੀਆਂ ਵੱਲੋਂ ਕਰਵਾਏ ਜਾ ਰਹੇ ਇਸ ਕੰਮ ਦੀ ਰਫ਼ਤਾਰ ਵੀ ਸ਼ੱਕ ਦੇ ਦਾਇਰੇ ਹੇਠ ਹੈ।
ਹਰਿਆਣਾ ਗਊ ਸੇਵਾ ਕਮਿਸ਼ਨ ਦੇ ਸਾਬਕਾ ਮੈਂਬਰ ਅਤੇ ਰਾਮ ਬਾਗ ਕਮੇਟੀ ਦੇ ਸਰਪ੍ਰਸਤ ਰਾਮ ਲਾਲ ਬਾਗੜੀ ਨੇ ਕਿਹਾ ਕਿ ਨਿਯਮਾਂ ਮੁਤਾਬਕ ਕੂੜਾ ਨਿਪਟਾਰਾ ਪਲਾਂਟ ਆਬਾਦੀ ਤੋਂ ਬਾਹਰ ਹੋਣਾ ਚਾਹੀਦਾ ਹੈ। ਦਾਣਾ ਮੰਡੀ, ਅਨਾਜ ਮੰਡੀ, ਗਾਂਧੀ ਬਸਤੀ ਅਤੇ ਕਬੀਰ ਬਸਤੀ ਅਤੇ ਭਾਟੀ ਕਾਲੋਨੀ ਜਿਹੇ ਰਿਹਾਇਸ਼ੀ ਇਲਾਕੇ ਵਿਚਕਾਰ ਪੈਂਦੀ ਬਹੁਮੁੱਲੀ 9 ਏਕੜ ਜ਼ਮੀਨ ’ਤੇ ਕੂੜਾ ਪਲਾਂਟ ਲਾਉਂਣਾ ਤਕਨੀਕੀ ਪੱਖੋਂ ਵੀ ਇੱਕ ਵੱਡਾ ਘੁਟਾਲਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਖੱਟਰ ਦੇ ਐਲਾਨ ਨੂੰ ਪੂਰਾ ਕਰਨ ਲਈ ਇਸ ਜ਼ਮੀਨ ਨੂੰ ਕੋਈ ਰਸਤਾ ਨਹੀਂ ਸੀ, ਪਰ ਹੁਣ ਕੂੜਾ ਪਲਾਂਟ ਨੂੰ ਰਾਹ ਦਿਵਾਉਣ ਲਈ ਨਗਰ ਪ੍ਰੀਸ਼ਦ ਦੇ ਕੁਝ ਅਧਿਕਾਰੀਆਂ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ। ਇਸ ਮਾਮਲੇ ’ਚ ਰਾਮਬਾਗ ਕਮੇਟੀ ਦੇ ਕੁਝ ਅਹੁਦੇਦਾਰਾਂ ਦੀ ਵੀ ਪ੍ਰਸ਼ਾਸਨਿਕ ਤੰਤਰ ਅਤੇ ਕੂੜਾ ਨਿਪਟਾਰਾ ਦੀ ਅਗਾਂਹ ਮਲਾਈ ਛਕਣ ਵਾਲੇ ਕਥਿਤ ਠੇਕੇਦਾਰ/ਸਫ਼ੈਦਪੋਸ਼ਾਂ ਨਾਲ ਕਥਿਤ ਸਹਿਮਤੀ ਦੱਸੀ ਜਾਂਦੀ ਹੈ।
ਲਾਸ਼ਾਂ ਅਤੇ ਪਿੰਜਰ ਬਾਹਰ ਕੱਢ ਕੇ ਸੁੱਟਣ ਦੀ ਸੂਚਨਾ ਮਿਲਣ ’ਤੇ ਇਕੱਠੇ ਹੋਏ ਲੋਕਾਂ ਨੇ ਸੂਬਾ ਸਰਕਾਰ ਤੋਂ ਮਾਮਲੇ ਦੀ ਨਿਰਪੱਖ ਜਾਂਚ ਅਤੇ ਘਟਨਾ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਦੂਜੇ ਪਾਸੇ ਰਾਮ ਬਾਗ ਕਮੇਟੀ ਦੇ ਸਰਪ੍ਰਸਤ ਕਰਮਚੰਦ ਸ਼ਰਮਾ ਨੇ ਵੀ ਲਾਸ਼ਾਂ ਕੱਢ ਕੇ ਸੁੱਟਣ ਦੀ ਨਿਖੇਧੀ ਕੀਤੀ ਹੈ।