ਪੱਤਰ ਪ੍ਰੇਰਕ
ਯਮੁਨਾਨਗਰ, 22 ਜਨਵਰੀ
ਅਦਾਲਤ ਦੇ ਹੁਕਮਾਂ ’ਤੇ ਪੁਲੀਸ ਨੇ ਪਠਾਨਕੋਟ ਵਾਸੀ ਇੱਕ ਪਲਾਈਬੋਰਡ ਦੇ ਕਾਰੋਬਾਰੀ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਇੱਥੇ ਇੰਡਸਟ੍ਰੀਅਲ ਏਰੀਆ ਸਥਿਤ ਪਲਾਈਬੋਰਡ ਫੈਕਟਰੀ ਦੇ ਮਾਲਕ ਰਾਜਿੰਦਰ ਮਿੱਤਲ ਮੁਤਾਬਕ ਉਨ੍ਹਾਂ ਦੀ ਪਲਾਈਬੋਰਡ ਦੀ ਫਰਮ ਹੈ। 2018 ਵਿੱਚ ਉਨ੍ਹਾਂ ਦੀ ਮੁਲਾਕਾਤ ਪਿੰਡ ਨਪਵਾਲ (ਪਠਾਨਕੋਟ) ਦੇ ਵਿਪਨ ਕੁਮਾਰ ਨਾਲ ਹੋਈ ਸੀ, ਜੋ ਪਲਾਈ ਦਾ ਕਾਰੋਬਾਰ ਕਰਦਾ ਸੀ। ਵਿਪਨ ਕੁਮਾਰ ਨੇ ਉਸ ਕੋਲੋਂ ਲੱਖਾਂ ਰੁਪਏ ਦੇ ਪਲਾਈਬੋਰਡ ਅਤੇ ਪਲਾਈਵੁੱਡ ਦਾ ਬਣਿਆ ਹੋਰ ਸਮਾਨ ਖਰੀਦਿਆ ਸੀ। ਵਪਾਰ ਦੇ ਸ਼ੁਰੂ ਵਿੱਚ ਤਾਂ ਉਹ ਖਰੀਦੇ ਗਏ ਮਾਲ ਦਾ ਨਕਦ ਭੁਗਤਾਨ ਕਰਦਾ ਰਿਹਾ ਪਰ ਸਮਾਂ ਪਾ ਕੇ ਵਿਪਨ ਬਾਅਦ ਵਿੱਚ ਭੁਗਤਾਨ ਕਰਨ ਦਾ ਕਹਿ ਕੇ ਸਾਮਾਨ ਖਰੀਦਣ ਲੱਗ ਪਿਆ ਪਰ ਬਕਾਇਆ ਨਾ ਦਿੱਤਾ। ਇਸ ਕਾਰਨ ਲਗਪਗ 25 ਲੱਖ ਦੀ ਰਕਮ ਉਸ ਵੱਲ ਖੜ੍ਹੀ ਹੋ ਗਈ।
ਰਾਜਿੰਦਰ ਮਿੱਤਲ ਮੁਤਾਬਕ ਮੁਲਜ਼ਮ ਨੇ ਰਕਮ ਦੇ ਭੁਗਤਾਨ ਲਈ ਵੱਖ-ਵੱਖ ਤਾਰੀਖਾਂ ਦੇ ਚੈੱਕ ਵੀ ਉਸ ਨੂੰ ਦਿੱਤੇ, ਜੋ ਕਿ ਮੁਲਜ਼ਮ ਦੇ ਖਾਤੇ ਵਿੱਚ ਰਕਮ ਘੱਟ ਹੋਣ ਕਰਕੇ ਬਾਊਂਸ ਹੋ ਗਏ ਤੇ ਬਾਅਦ ਵਿੱਚ ਉਹ ਕੁੱਝ ਹਫਤੇ ਟਾਲਦਾ ਰਿਹਾ ਅਤੇ ਆਖਰ ਪੇਮੈਂਟ ਮੰਗਣ ’ਤੇ ਉਸ ਨੂੰ ਧਮਕੀਆਂ ਦੇਣ ਲੱਗ ਪਿਆ। ਪ੍ਰੇਸ਼ਾਨ ਹੋ ਕੇ ਰਾਜਿੰਦਰ ਮਿੱਤਲ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਪਰ ਕੋਈ ਸੁਣਵਾਈ ਨਹੀਂ ਹੋੲੀ, ਜਿਸ ਤੋਂ ਬਾਅਦ ਉਸ ਨੇ ਅਦਾਲਤ ਵਿੱਚ ਅਰਜ਼ੀ ਲਗਾਈ। ਐੱਸਐਚਓ ਸੁਖਬੀਰ ਸਿੰਘ ਨੇ ਕਿਹਾ ਕਿ ਅਦਾਲਤ ਦੇ ਆਦੇਸ਼ਾਂ ’ਤੇ ਪਲਾਈਵੁੱਡ ਕਾਰੋਬਾਰੀ ਵਿਪਨ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।