ਨਿੱਜੀ ਪੱਤਰ ਪ੍ਰੇਰਕ
ਸਿਰਸਾ, 18 ਅਪਰੈਲ
ਪੁਲੀਸ ਦੇ ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਅਹਿਮ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਸ਼ਹਿਰ ਦੇ ਦਿੱਲੀ ਪੁਲ ਦੇ ਨੇੜਿਓਂ ਇਕ ਸੁੰਨਸਾਨ ਘਰ ’ਚੋਂ ਲੁੱਟ ਦੀ ਯੋਜਨਾ ਬਣਾ ਰਹੇ ਚਾਰ ਨੌਜਵਾਨਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਨੌਜਵਾਨਾਂ ਦੀ ਪਛਾਣ ਅਮਨ ਕੁਮਾਰ, ਸੂਰਜਭਾਨ ਵਾਸੀ ਖੈਰਪੁਰ ਅਤੇ ਰੋਹਿਨ ਅਤੇ ਰਾਹੁਲ ਵਾਸੀ ਪਿੰਡ ਕੰਗਣਪੁਰ ਵਜੋਂ ਹੋਈ ਹੈ। ਨੌਜਵਾਨਾਂ ਦੇ ਕਬਜ਼ੇ ’ਚੋਂ ਪੁਲੀਸ ਨੇ ਦੋ ਚਾਕੂ ਅਤੇ ਦੋ ਤਲਵਾਰਾਂ ਬਰਾਮਦ ਕੀਤੀਆਂ ਹਨ। ਜਾਣਕਾਰੀ ਮੁਤਾਬਕ ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਗਸ਼ਤ ਦੌਰਾਨ ਸ਼ਹਿਰ ਦੇ ਹਿਸਾਰ ਰੋਡ ਇਲਾਕੇ ’ਚ ਮੌਜੂਦ ਸੀ। ਇਸ ਦੌਰਾਨ ਪੁਲੀਸ ਟੀਮ ਨੂੰ ਅਹਿਮ ਸੂਚਨਾ ਮਿਲੀ ਕਿ ਇਕ ਸੁੰਨਸਾਨ ਘਰ ’ਚ ਕੁਝ ਨੌਜਵਾਨ ਹਥਿਆਰਾਂ ਸਮੇਤ ਮੌਜੂਦ ਹਨ ਅਤੇ ਰਾਹਗੀਰਾਂ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ ਹਨ। ਇਸ ਦੀ ਸੂਚਨਾ ਮਿਲਦੇ ਹੀ ਸਬ-ਇੰਸਪੈਕਟਰ ਅਜੈ ਕੁਮਾਰ ਦੀ ਅਗਵਾਈ ’ਚ ਪੁਲੀਸ ਟੀਮ ਮੌਕੇ ’ਤੇ ਪਹੁੰਚੀ ਅਤੇ ਉਥੇ ਮੌਜੂਦ ਚਾਰ ਨੌਜਵਾਨਾਂ ਨੂੰ ਕਾਬੂ ਕਰ ਲਿਆ ਜਦਕਿ ਦੋ ਹੋਰ ਨੌਜਵਾਨ ਰਾਤ ਦੇ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਮੌਕੇ ਤੋਂ ਭੱਜਣ ’ਚ ਕਾਮਯਾਬ ਹੋ ਗਏ।