ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 26 ਅਪਰੈਲ
ਪਿਛਲੇ ਅੱਠ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ’ਤੇ ਬੈਠੇ ਮਾਹਿਰ ਡਾਕਟਰਾਂ ਨੂੰ ਸਮਰਥਨ ਦੇਣ ਲਈ ਸਾਬਕਾ ਮੰਤਰੀ ਅਸ਼ੋਕ ਅਰੋੜਾ ਆਯੂਸ਼ ਕਾਲਜ ਪੁੱਜੇ। ਇਸ ਦੌਰਾਨ ਡਾਕਟਰਾਂ ਨੇ ਉਨ੍ਹਾਂ ਨੂੰ ਆਪਣੀ ਪ੍ਰੇਸ਼ਾਨੀ ਦੱਸੀ ਤੇ ਉਨ੍ਹਾਂ ਦੀ ਮੰਗ ਮੰਨਵਾਉਣ ਲਈ ਕਾਂਗਰਸ ਦੇ ਮੰਚ ਤੇ ਉਨਾਂ ਦੀ ਗਲ ਰਖਣ ਲਈ ਕਿਹਾ। ਸ੍ਰੀ ਅਰੋੜਾ ਨੇ ਕਿਹਾ ਕਿ ਕਰੋਨਾ ਕਾਲ ਵਿਚ ਆਯੁਰਵੈਦਿਕ ਦੀ ਉੁਪਯੋਗਤਾ ਤੋਂ ਲੋਕ ਭਲੀ ਭਾਂਤ ਜਾਣੂੰ ਹੋ ਚੁੱਕੇ ਹਨ । ਅਜਿਹੇ ਵਿਚ ਆਯੂਰਵੈਦਿਕ ਡਾਕਟਰਾਂ ਨੂੰ ਨਜ਼ਰਅੰਦਾਜ਼ ਕਰਨਾ ਸਰਕਾਰ ਦੀ ਵੱਡੀ ਭੁੱਲ ਹੈ। ਸਰਕਾਰ ਨੂੰ ਇਨ੍ਹਾਂ ਦੀਆਂ ਮੰਗਾਂ ਨੂੰ ਤੁਰੰਤ ਮੰਨਣਾ ਚਾਹੀਦਾ ਹੈ। ਸ੍ਰੀ ਅਰੋੜਾ ਨੇ ਕਿਹਾ ਕਿ ਜਦ ਹੋਰ ਸੂਬਿਆਂ ਦੀਆਂ ਸਰਕਾਰਾਂ ਬੀਏਐੱਮਐੱਸ ਡਾਕਟਰ ਨੂੰ ਐੱਮਬੀਬੀਐੱਸ ਡਾਕਟਰਾਂ ਦੇ ਬਰਾਬਰ ਭੱਤਾ ਦੇ ਰਹੀਆਂ ਹਨ ਤਾਂ ਸੂਬਾ ਸਰਕਾਰ ਇਨ੍ਹਾਂ ਨਾਲ ਵਿਤਕਰਾ ਕਿਉਂ ਕਰ ਰਹੀ ਹੈ। ਸ੍ਰੀ ਅਰੋੜਾ ਨੇ ਕਿਹਾ ਕਿ ਕਰੋਨਾ ਕਾਲ ਵਿਚ ਮੰਨੇ ਪ੍ਰਮੰਨੇ ਡਾਕਟਰ ਵੀ ਲੋਕਾਂ ਨੂੰ ਕਾੜਾ ਪੀਣ ਦੀ ਸਲਾਹ ਦਿੰਦੇ ਸਨ ਤੇ ਆਯੁਰਵੈਦਿਕ ਕਾਰਨ ਹੀ ਹਜ਼ਾਰਾਂ ਜ਼ਿੰਦਗੀਆਂ ਨੂੰ ਕਰੋਨਾ ਤੋਂ ਬਚਾਇਆ ਜਾ ਸਕਿਆ ਹੈ। ਅਜਿਹੇ ਵਿਚ ਇਨਾਂ ਨੂੰ ਨਜ਼ਰਅੰਦਾਜ਼ ਕਰਨਾ ਸਰਕਾਰੀ ਲਾਪ੍ਰਵਾਹੀ ਤੇ ਸਰਕਾਰ ਦੇ ਦੋਗਲੇ ਰੂਪ ਨੂੰ ਦਰਸਾਉਂਦਾਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਲੜਾਈ ਤਦ ਤਕ ਜਾਰੀ ਰਹੇਗੀ ਜਦ ਤਕ ਸਰਕਾਰ ਇਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ।