ਪੱਤਰ ਪ੍ਰੇਰਕ
ਪਿਹੋਵਾ, 24 ਸਤੰਬਰ
ਡੀਏਵੀ ਕਾਲਜ ਵਿਚ ਪੰਜਾਬੀ ਵਿਭਾਗ ਦੀ ਤਰਫ਼ੋਂ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਪੰਜਾਬੀ ਸਾਹਿਤ ਸਭਾ ਦਾ ਗਠਨ ਕੀਤਾ ਗਿਆ| ਵਿਭਾਗ ਦੇ ਮੁਖੀ ਡਾ: ਗੁਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਸਾਹਿਤ ਸਭਾ ਦੇ ਕੰਮਾਂ ਅਤੇ ਇਸ ਦੇ ਸੰਚਾਲਨ ਬਾਰੇ ਜਾਣੂ ਕਰਵਾਇਆ| ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਹੋਰ ਸਾਹਿਤਕ ਤੇ ਸੱਭਿਆਚਾਰਕ ਗਤੀਵਿਧੀਆਂ ਦਾ ਵੀ ਵਿਦਿਆਰਥੀ ਜੀਵਨ ਵਿੱਚ ਵਿਸ਼ੇਸ਼ ਮਹੱਤਵ ਹੈ। ਸਾਹਿਤ ਅਤੇ ਸੱਭਿਆਚਾਰ ਦਾ ਗਿਆਨ ਰੱਖਣ ਵਾਲੇ ਨੌਜਵਾਨ ਹਮੇਸ਼ਾ ਬੁਲੰਦੀਆਂ ਨੂੰ ਛੂਹਦੇ ਹਨ। ਇਸ ਮੌਕੇ ਪ੍ਰਿੰਸੀਪਲ ਡਾ. ਕਾਮਦੇਵ ਝਾਅ ਦੀ ਅਗਵਾਈ ਵਿੱਚ ਬੀ.ਏ ਤੀਜੇ ਸਾਲ ਦੇ ਵਿਦਿਆਰਥੀ ਸੰਕੇਤ ਨੂੰ ਸਭਾ ਦਾ ਮੁਖੀ ਅਤੇ ਵਿਦਿਆਰਥਣ ਜਸਪਾਲ ਕੌਰ ਨੂੰ ਸਕੱਤਰ ਨਿਯੁਕਤ ਕੀਤਾ ਗਿਆ| ਕਨਵੀਨਰ ਨੇਹਾ ਨੂੰ ਬਣਾਇਆ ਗਿਆ ਜਦਕਿ ਬੀਏ ਦੂਜੇ ਅਤੇ ਤੀਜੇ ਸਾਲ ਦੇ ਵਿਦਿਆਰਥੀਆਂ ਨੂੰ ਕਾਰਜਕਾਰੀ ਮੈਂਬਰ ਨਾਮਜ਼ਦ ਕੀਤਾ ਗਿਆ।