ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 30 ਅਗਸਤ
ਹਰਿਆਣਾ ਵਿਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਪ੍ਰਚਾਰ-ਪ੍ਰਸਾਰ ਤੇ ਸੰਭਾਲ ਦੇ ਉਦੇਸ਼ ਨਾਲ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਵਸ ਮੌਕੇ ਅੰਬਾਲਾ ਦੇ ਬੁੱਧੀਜੀਵੀਆਂ, ਸਾਹਿਤਕਾਰਾਂ ਅਤੇ ਕਲਾਕਾਰਾਂ ਨੇ ਮਿਲ ਕੇ ‘ਸਾਹਿਤ ਸੰਵਾਦ ਮੰਚ’ ਦਾ ਗਠਨ ਕੀਤਾ ਹੈ। ਇਸ ਦਾ ਪ੍ਰਧਾਨ ਕਵੀ ਮਨਮੋਹਨ ਮੈਣੀ ਅਤੇ ਸਕੱਤਰ ਦਰਸ਼ਨ ਸਿੰਘ ਦਰਸ਼ੀ ਨੂੰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਪ੍ਰਿੰ. ਆਗਿਆਪਾਲ ਸਿੰਘ ਅਤੇ ਡਾ. ਰਤਨ ਸਿੰਘ ਢਿੱਲੋਂ ਨੂੰ ਸਰਪ੍ਰਸਤ, ਪ੍ਰੋ. ਗੁਰਦੇਵ ਸਿੰਘ ਦੇਵ ਅਤੇ ਡਾ. ਨਿਰਮਲ ਸਿੰਘ ਖੁੱਭੜ ਨੂੰ ਸਲਾਹਕਾਰ, ਹਰਵਿੰਦਰ ਸਿੰਘ ਨੀਟੂ ਨੂੰ ਮੀਡੀਆ ਇੰਚਾਰਜ ਅਤੇ ਜਗਜੀਤ ਸੂਫ਼ੀ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਛਾਉਣੀ ਸਥਿਤ ਫਰੂਕਾ ਖ਼ਾਲਸਾ ਸੀ.ਸੈ.ਸਕੂਲ ਵਿਚ ਪ੍ਰਧਾਨ ਮਨਮੋਹਨ ਮੈਣੀ ਦੀ ਪ੍ਰਧਾਨਗੀ ਹੇਠ ਹੋਈ ਇਕੱਤਰਤਾ ਵਿਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਸੰਸਥਾ ਦੀ ਰਜਿਸਟ੍ਰੇਸ਼ਨ ਕਰਵਾਈ ਜਾਵੇ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਨਾਲ ਇਸ ਦਾ ਇਲਹਾਕ ਕੀਤਾ ਜਾਵੇ। ਇਸ ਮੌਕੇ ਕੇ.ਪੀ.ਸਿੰਘ, ਵਰੁਨਦੀਪ ਸਿੰਘ, ਬੀਬੀ ਗੂੰਜਨ, ਰਮਨਦੀਪ ਸਿੰਘ, ਪ੍ਰਮੋਦ ਪੱਬੀ, ਕ੍ਰਿਸ਼ਨ ਅਵਤਾਰ ਸੂਰੀ, ਜਗਜੀਤ ਸੂਫ਼ੀ ਆਦਿ ਮੌਜੂਦ ਸਨ।