ਪੱਤਰ ਪ੍ਰੇਰਕ
ਏਲਨਾਬਾਦ, 7 ਦਸੰਬਰ
ਸ਼ਹਿਰ ਵਿੱਚ ਇੱਕ ਵਾਰ ਫਿਰ ਕਰੋਨਾ ਪੀੜਤ ਲੋਕਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਅੱਜ ਸ਼ਹਿਰ ਦੇ ਵਾਰਡ ਨੰਬਰ 15 ਵਿੱਚ 7 ਲੋਕ ਹੋਰ ਕਰੋਨਾ ਪੀੜਤ ਪਾਏ ਗਏ ਹਨ। ਇਹ ਸਾਰੇ ਲੋਕ ਪਿਛਲੇ ਦਿਨੀ ਕਰੋਨਾ ਪੀੜਤ ਪਾਏ ਗਏ ਇੱਕ ਨੌਜਵਾਨ ਦੇ ਪਰਿਵਾਰ ਨਾਲ ਹੀ ਸਬੰਧਤ ਹਨ। ਅੱਜ ਸਾਹਮਣੇ ਆਏ ਪੀੜਤਾਂ ਵਿੱਚ 4 ਔਰਤਾਂ ਅਤੇ 3 ਆਦਮੀ ਸ਼ਾਮਲ ਹਨ। ਨਾਗਰਿਕ ਹਸਪਤਾਲ ਦੇ ਡਾਕਟਰ ਸ਼ੁਰੇਸ ਗੋਦਾਰਾ ਨੇ ਦੱਸਿਆ ਕਿ ਅੱਜ ਸਾਹਮਣੇ ਆਏ 7 ਕਰੋਨਾ ਪੀੜਤਾਂ ਵਿੱਚੋਂ 5 ਲੋਕ ਕਰੋਨਾ ਵੈਕਸੀਨ ਦੀਆਂ ਦੋ ਖੁਰਾਕਾਂ ਲੈ ਚੁੱਕੇ ਹਨ। ਡਾਕਟਰ ਗੋਦਾਰਾ ਨੇ ਦੱਸਿਆ ਕਿ ਇਸ ਪਰਿਵਾਰ ਦਾ ਇੱਕ ਨੌਜਵਾਨ ਕੁਝ ਦਿਨ ਪਹਿਲਾਂ ਦਿੱਲੀ ਜਾ ਕੇ ਆਇਆ ਸੀ। ਉਸ ਵਿੱਚ ਕਰੋਨਾ ਦੇ ਲੱਛਣ ਪਾਏ ਗਏ ਸਨ। ਉਸ ਤੋਂ ਬਾਅਦ ਉਸਦੇ ਸੰਪਰਕ ਵਿੱਚ ਆਏ ਪਰਿਵਾਰਕ ਮੈਂਬਰਾਂ ਦੇ ਨਮੂਨੇ ਸਿਹਤ ਵਿਭਾਗ ਦੀ ਟੀਮ ਵਲੋਂ ਲਏ ਗਏ ਸਨ ਜਿਨ੍ਹਾਂ ਦੀ ਰਿਪੋਰਟ ਅੱਜ ਆਈ ਹੈ ਜਿਸ ਵਿੱਚ ਇਸ ਪਰਿਵਾਰ ਦੇ 7 ਲੋਕ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਡਾਕਟਰ ਗੋਦਾਰਾ ਨੇ ਦੱਸਿਆ ਕਿ ਹੁਣ ਤੱਕ ਏਲਨਾਬਾਦ ਸ਼ਹਿਰ ਵਿੱਚ ਕੁੱਲ 8 ਅਤੇ ਇੱਕ ਸ਼ਹਿਰ ਤੋਂ ਬਾਹਰ ਕਰੋਨਾ ਦੇ 9 ਕੇਸ ਸਾਹਮਣੇ ਆ ਚੁੱਕੇ ਹਨ।