ਗੁਰਦੀਪ ਸਿੰਘ ਭੱਟੀ
ਟੋਹਾਣਾ, 15 ਜੂਨ
ਪਿੰਡ ਖੇੜੀ ਬਰਕੀ ਦੇ ਬਜ਼ੁਰਗ ਜੋੜੇ ਨੇ ਘਰੇਲੂ ਝਗੜੇ ਦੀ ਕਿਧਰੇ ਸੁਣਵਾਈ ਨਾ ਹੋਣ ਕਾਰਨ ਕਿਸਾਨ ਸਕੱਤਰੇਤ ਦੇ ਵੀਟਾ ਬੂਥ ਦੇ ਸਾਹਮਣੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ। ਗਿਆਨ ਚੰਦ (63) ਤੇ ਪਤਨੀ ਕਮਲੇਸ਼ (59) ਵੱਲੋਂ ਲਿਖੇ ਸੁਸਾਈਡ ਨੋਟ ਤੋਂ ਪਤਾ ਲੱਗਿਆ ਹੈ ਇਹ ਜੋੜਾ ਡੀਜੀ ਹਿਸਾਰ ਕੋਲ ਨੂੰਹ ਦੇ ਪੇਕਿਆਂ ਵੱਲੋਂ ਉਨ੍ਹਾਂ ਨੂੰ ਤੰਗ ਕਰਨ ਦੀ ਸ਼ਿਕਾਇਤ ਲੈ ਕੇ ਆਇਆ ਸੀ ਤਾਂ ਪੁਲੀਸ ਦਫ਼ਤਰ ਨੇ ਕਿਸੇ ਤਰ੍ਹਾਂ ਦੀ ਸ਼ਿਕਾਇਤ ਦਰਜ ਹੋਣ ਤੋਂ ਇਨਕਾਰ ਕਰ ਦਿੱਤਾ। ਜੋੜੇ ਨੇ ਸੁਸਾਈਡ ਨੋਟ ਵਿੱਚ ਛੋਟੇ ਪੁੱਤਰ ਅਨਿਲ ਦੇ ਸਹੁਰੇ ਦੇਸਰਾਜ, ਸੱਸ ਜਿੱਤੋ ਦੇਵੀ, ਸਾਲੇ ਬਬਲੁੂ ਤੇ ਮਨੋਜ, ਸਾਲੀ ਸੀਮਾ ਤੇ ਸਾਢੂ ਪਵਨ ਨੂੰ ਆਪਣੀ ਮੌਤ ਦਾ ਜ਼ਿੰਮੇਦਾਰ ਠਹਿਰਾਇਆ ਹੈ। ਬਜ਼ੁਰਗਾਂ ਨੇ ਰਿਸ਼ਤੇਦਾਰਾਂ ਵੱਲੋਂ ਧਮਕਾਉਣ ਤੇ ਕੁੱਟਮਾਰ ਦੇ ਵੀ ਦੋਸ਼ ਲਾਏ ।
ਇਸੇ ਤਰ੍ਹਾਂ ਇਕ ਹੋਰ ਮਾਮਲੇ ਵਿੱਚ ਪਿੰਡ ਸੀਸਰ ਖ਼ਰਬਲਾ ਦੀ ਕਮਲੇਸ਼ ਨੇ ਆਪਣੇ ਦੋ ਨੌਜਵਾਨ ਲੜਕੇ ਪ੍ਰੇਮ (28) ਤੇ ਨਵੀਨ (23) ਨਾਲ ਮਿਲ ਕੇ ਘਰ ਵਿੱਚ ਜ਼ਹਿਰ ਖਾ ਲਿਆ, ਜਿਨ੍ਹਾਂ ਨੂੰ ਹਿਸਾਰ ਦੇ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ। ਜਿੱਥੇ ਡਾਕਟਰਾਂ ਦੀ ਟੀਮਾਂ ਨੇ ਕਮਲੇਸ਼ ਤੇ ਪ੍ਰੇਮ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਦੇਰ ਸ਼ਾਮ ਨਵੀਨ ਦੀ ਮੌਤ ਹੋ ਗਈ। ਉਧਰ ਮ੍ਰਿਤਕ ਕਮਲੇਸ਼ ਦੇ ਭਰਾ ਸਤਵੀਰ ਦੇ ਬਿਆਨਾਂ ’ਤੇ ਐੱਸਐੱਚਓ ਰਮੇਸ਼ ਕੁਮਾਰ ਨੇ ਘਰੇਲੂ ਕਲੇਸ਼ ਤੋਂ ਮੌਤਾਂ ਹੋਣ ’ਤੇ ਧਾਰਾ 174 ਦੀ ਕਾਰਵਾਈ ਕਰਕੇ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ।