ਪੱਤਰ ਪ੍ਰੇਰਕ
ਯਮੁਨਾਨਗਰ, 6 ਮਈ
ਇੱਥੇ ਕਸਬਾ ਰਾਦੌਰ ਵਿੱਚ ਬਿਨਾਂ ਨੰਬਰ ਦੇ ਮੋਟਰਸਾਈਕਲ ਨਕਾਬਪੋਸ਼ ਨੌਜਵਾਨਾਂ ਦਾ ਪਿੱਛਾ ਕਰ ਰਹੀ ਪੁਲੀਸ ਪਾਰਟੀ ’ਤੇ ਮੋਟਰਸਾਈਕਲ ਸਵਾਰਾਂ ਨੇ ਗੋਲੀ ਚਲਾ ਦਿੱਤੀ ਜੋ ਕਿ ਪੁਲੀਸ ਦੀ ਕਾਰ ਵਿੱਚ ਬੈਠੇ ਇੰਸਪੈਕਟਰ ਸਤੀਸ਼ ਕੰਬੋਜ ਨੂੰ ਲੱਗੀ। ਇਸ ਕਾਰਨ ਉਹ ਜ਼ਖਮੀ ਹੋ ਗਿਆ। ਜ਼ਖਮੀ ਹਾਲਤ ਵਿੱਚ ਨਾਲ ਦੇ ਸਟਾਫ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਹੋਣ ‘ਤੇ ਉਸ ਨੂੰ ਯਮੁਨਾਨਗਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਰੈਫਰ ਕਰ ਦਿੱਤਾ। ਸੂਚਨਾ ਮਿਲਣ ’ਤੇ ਐੱਸਪੀ ਸੁਰਿੰਦਰ ਪਾਲ, ਡੀਐੰਸਪੀ ਰਾਦੌਰ ਰਜਤ ਗੁਲੀਆ ਤੋਂ ਇਲਾਵਾ ਸੀਆਈਏ ਦੇ ਇੰਸਪੈਕਟਰ ਨਰਿੰਦਰ ਕੁਮਾਰ ਅਤੇ ਸੀਆਈਏ -2 ਪੁਲੀਸ ਅਧਿਕਾਰੀ ਰਾਕੇਸ਼ ਕੁਮਾਰ ਮੌਕੇ ’ਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ । ਘਟਨਾ ਤੋਂ ਬਾਅਦ ਫਰਾਰ ਹਮਲਾਵਰਾਂ ਦੀ ਭਾਲ ‘ਚ ਪੁਲੀਸ ਨੇ ਥਾਂ-ਥਾਂ ’ਤੇ ਨਾਕੇ ਲਾਏ। ਜ਼ਿਕਰਯੋਗ ਹੈ ਕਿ ਰਾਦੌਰ ਥਾਣੇ ਵਿੱਚ ਤਾਇਨਾਤ ਐੱਸਆਈ ਸਤੀਸ਼ ਕੰਬੋਜ ਅਪਣੀ ਟੀਮ ਸਮੇਤ ਗਸ਼ਤ ’ਤੇ ਸਨ । ਜਦੋਂ ਉਹ ਬੱਸ ਸਟੈਂਡ ਨੇੜਿਓਂ ਲੰਘ ਰਹੇ ਸਨ ਤਾਂ ਉਨ੍ਹਾਂ ਨੇ ਬੈਂਕ ਦੇ ਬਾਹਰ ਬਿਨਾਂ ਨੰਬਰ ਦੇ ਮੋਟਰਸਾਈਕਲ ’ਤੇ ਦੋ ਨਕਾਬਪੋਸ਼ ਨੌਜਵਾਨਾਂ ਨੂੰ ਦੇਖਿ । ਪੁਲੀਸ ਟੀਮ ਨੂੰ ਦੇਖ ਕੇ ਸ਼ੱਕੀ ਨੌਜਵਾਨ ਮੋਟਰਸਾਈਕਲ ਲੈ ਕੇ ਰਾਦੌਰੀ ਰੋਡ ਵੱਲ ਭੱਜੇ ਤਾਂ ਪੁਲੀਸ ਪਾਰਟੀ ਨੇ ਪਿੱਛਾ ਕਰਦੇ ਹੋਏ ਰਾਦੌਰੀ ਰੋਡ ‘ਤੇ ਸਥਿਤ ਐਫਸੀਆਈ ਦੇ ਗੋਦਾਮਾਂ ਨੇੜੇ ਜਾ ਕੇ ਨੌਜਵਾਨਾਂ ਨੂੰ ਘੇਰ ਕੇ ਰੁਕਣ ਦਾ ਇਸ਼ਾਰਾ ਕੀਤਾ ਪਰ ਨਕਾਬਪੋਸ਼ ਨੌਜਵਾਨਾਂ ਨੇ ਰੁਕਣ ਦੀ ਬਜਾਏ ਗੋਲੀਆਂ ਚਲਾ ਦਿੱਤੀਆਂ। ਡੀਐੱਸਪੀ ਰਾਦੌਰ ਰਜਤ ਗੁਲੀਆ ਨੇ ਦੱਸਿਆ ਕਿ ਹਮਲਾਵਰਾਂ ਨੂੰ ਫੜਨ ਲਈ ਪੁਲੀਸ ਨੇ ਨਾਕੇ ਲਾਏ ਹਨ ਤੇ ਹਮਲਾਵਰਾਂ ਦੀ ਪਛਾਣ ਲਈ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਦੇਖੇ ਜਾ ਰਹੇ ਹਨ।