ਨਿਜੀ ਪੱਤਰ ਪ੍ਰੇਰਕ
ਅੰਬਾਲਾ, 17 ਜੂਨ
ਕੇਂਦਰ ਸਰਕਾਰ ਦੀ ਸੈਨਾ ਵਿਚ ਭਰਤੀ ਦੀ ਨਵੀਂ ਯੋਜਨਾ ‘ਅਗਨੀਪੱਥ’ ਦੇ ਵਿਰੋਧ ਵਿਚ ਦੇਸ਼ ਦੇ ਕਈ ਸੂਬਿਆਂ ਵਾਂਗ ਹਰਿਆਣਾ ਵਿਚ ਵੀ ਨੌਜਵਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਪ੍ਰਦਰਸ਼ਨ ਕਰਨਾ ਹਰੇਕ ਨਾਗਰਿਕ ਦਾ ਅਧਿਕਾਰ ਹੈ ਲੇਕਿਨ ਇਸ ਪ੍ਰਦਰਸ਼ਨ ਦੀ ਆੜ ਵਿਚ ਜੋ ਲੋਕ ਭੰਨ-ਤੋੜ ਅਤੇ ਅਗਜ਼ਨੀ ਕਰ ਰਹੇ ਹਨ, ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਅਜਿਹੇ ਤੱਤਾਂ ’ਤੇ ਪੁਲੀਸ ਦੀ ਪੂਰੀ ਨਜ਼ਰ ਹੈ ਅਤੇ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਸ੍ਰੀ ਵਿੱਜ ਆਪਣੇ ਨਿਵਾਸ ’ਤੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਸ੍ਰੀ ਵਿੱਜ ਨੇ ਕਿਹਾ ਕਿ ਹਿੰਸਾ ਕਰਨ ਵਾਲੇ ਲੋਕ ਸੈਨਾ ਵਿਚ ਜਾਣ ਵਾਲੇ ਨਹੀਂ ਹੋ ਸਕਦੇ ਕਿਉਂ ਕਿ ਸੈਨਾ ਵਿਚ ਤਾਂ ਅਨੁਸ਼ਾਸਿਤ ਲੋਕ ਹੀ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿਚ ਕੁਝ ਸ਼ਰਾਰਤੀ ਤੱਤ ਹਨ ਜੋ ਹਰ ਸਮੇਂ ਸ਼ਾਂਤੀ ਭੰਗ ਕਰਨ ਦੇ ਮੌਕੇ ਦੀ ਤਲਾਸ਼ ਵਿਚ ਰਹਿੰਦੇ ਹਨ। ਅਜਿਹੇ ਲੋਕਾਂ ਨੂੰ ਕਿਸੇ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਨੌਜਵਾਨ ਕੇਂਦਰ ਸਰਕਾਰ ਦੀ ਸੈਨਾ ਸੇਵਾ ਵਿਚ ਸ਼ਾਰਟ ਟਰਮ ਸਰਵਿਸ ਸਕੀਮ ‘ਅਗਨੀਪੱਥ’ ਦੇ ਵਿਰੋਧ ਵਿਚ ਸੜਕਾਂ ’ਤੇ ਆ ਗਏ ਹਨ। ਹਾਲਾਤ ਨੂੰ ਦੇਖਦਿਆਂ ਅੰਬਾਲਾ ਪੁਲੀਸ ਪ੍ਰਸ਼ਾਸਨ ਵੀ ਅਲਰਟ ਹੋ ਗਿਆ ਹੈ। ਰੇਲਵੇ ਸਟੇਸ਼ਨ ਅਤੇ ਬੱਸ ਅੱਡੇ ’ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਖ਼ੁੂਫ਼ੀਆ ਮਹਿਕਮਾ ਪਲ ਪਲ ਦੀ ਅੱਪਡੇਟ ਲੈ ਰਿਹਾ ਹੈ। ਅੰਬਾਲਾ ਕੈਂਟ ਰੇਲਵੇ ਸਟੇਸ਼ਨ ’ਤੇ ਜੀਆਰਪੀ ਅਤੇ ਆਰਪੀਐਫ ਨੇ ਸੁਰੱਖਿਆ ਵਧਾ ਦਿੱਤੀ ਹੈ।