ਪ੍ਰਭੂ ਦਿਆਲ
ਸਿਰਸਾ, 30 ਜੂਨ
ਇਥੋਂ ਦੀ ਹਾਊਸਿੰਗ ਬੋਰਡ ਕਲੋਨੀ ’ਚ ਤਿੰਨ ਬਦਮਾਸ਼ਾਂ ਨੂੰ ਫੜਣ ਗਈ ਪੁਲੀਸ ਨੇ ਦੋ ਨੂੰ ਕਾਬੂ ਕਰ ਲਿਆ ਜਦੋਂਕਿ ਤੀਜੇ ਨੇ ਕਥਿਤ ਤੌਰ ’ਤੇ ਗੋਲੀ ਮਾਰ ਕੇ ਖ਼ਦਕੁਸ਼ੀ ਕਰ ਲਈ। ਮਿ੍ਤਕ ਦੇ ਪਰਿਵਾਰ ਨੇ ਪੁਲੀਸ ਕਾਰਵਾਈ ’ਤੇ ਸਵਾਲ ਖੜ੍ਹੇ ਕਰਦਿਆਂ ਮਾਮਲੇ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਮਿ੍ਤਕ ਦੀ ਪਛਾਣ ਮਜਨੂ ਉਰਫ ਵਿਨੋਦ ਵਾਸੀ ਰਤੀਆ ਵਜੋਂ ਹੋਈ ਹੈ। ਪੁਲੀਸ ਨੇ ਦੇਹ ਪੋਸਟਮਾਰਟਮ ਮਗਰੋਂ ਪਰਿਵਾਰ ਨੂੰ ਸੌਂਪ ਦਿੱਤੀ ਹੈ। ਘਟਨਾ ਲੰਘੀ ਦੇਰ ਰਾਤ ਦੀ ਹੈ।
ਡੀਐੱਸਪੀ ਆਰਿਅਨ ਚੌਧਰੀ ਨੇ ਦੱਸਿਆ ਹੈ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਹਾਊਸਿੰਗ ਬੋਰਡ ਦੇ ਫਲੈਟ ’ਚ ਕਤਲ ਤੇ ਹੋਰ ਕਈ ਮਾਮਲਿਆਂ ’ਚ ਲੋੜੀਂਦੇ ਬਦਮਾਸ਼ ਲੁਕੇ ਹੋਏ ਹਨ। ਪੁਲੀਸ ਨੇ ਜਦੋਂ ਇਨ੍ਹਾਂ ਨੂੰ ਫੜਣ ਲਈ ਫਲੈਟ ’ਤੇ ਛਾਪਾ ਮਾਰਿਆ ਤਾਂ ਦੋ ਵਿਅਕਤੀ ਮਕਾਨ ਦੀ ਛੱਤ ਤੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਪੁਲੀਸ ਦੇ ਜਵਾਨਾਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ਜਦੋਂਕਿ ਇਕ ਵਿਅਕਤੀ ਨੇ ਪੁਲੀਸ ਦੇ ਡਰੋਂ ਕਥਿਤ ਤੌਰ ’ਤੇ ਗੋਲੀ ਮਾਰ ਲਈ। ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਸੰਦੀਪ ਤੇ ਰਾਹੁਲ ਵਜੋਂ ਕੀਤੀ ਗਈ ਹੈ। ਸਿਵਲ ਹਸਪਤਾਲ ’ਚੋਂ ਲਾਸ਼ ਲੈਣ ਆਏ ਮਿ੍ਤਕ ਦੇ ਪਿਤਾ ਸੇਮਾ ਰਾਮ ਨੇ ਦੱਸਿਆ ਹੈ ਕਿ ਅੱਜ ਸਵੇਰੇ ਉਨ੍ਹਾਂ ਨੂੰ ਮਜਨੂ ਦੇ ਮਾਰੇ ਜਾਣ ਦਾ ਸੁਨੇਹਾ ਮਿਲਿਆ ਹੈ। ਮਜਨੂ ਖੁਦ ਨੂੰ ਗੋਲੀ ਨਹੀਂ ਮਾਰ ਸਕਦਾ। ਜ਼ਰੂਰ ਉਸ ਨੂੰ ਪੁਲੀਸ ਨੇ ਗੋਲੀ ਮਾਰੀ ਹੋਵੇਗੀ? ਇਸ ਮਾਮਲੇ ਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਗੱਲ ਤਾਂ ਸਵੀਕਾਰ ਕੀਤੀ ਹੈ ਕਿ ਰਤੀਆ ਵਿੱਚ ਮਜਨੂ ’ਤੇ ਕਤਲ ਦਾ ਕੇਸ ਦਰਜ ਹੈ। ਪੁਲੀਸ ਨੇ ਪਰਿਵਾਰ ਵੱਲੋਂ ਪੁਲੀਸ ’ਤੇ ਲਾਏ ਗਏ ਦੋਸ਼ਾਂ ਨੂੰ ਖਾਰਜ ਕੀਤਾ ਹੈ।