ਨਿੱਜੀ ਪੱਤਰ ਪ੍ਰੇਰਕ
ਸਿਰਸਾ, 22 ਜੁਲਾਈ
ਹਰਿਆਣਾ ਕਿਸਾਨ ਮੰਚ ਦੇ ਸੂਬਾਈ ਪ੍ਰਧਾਨ ਪ੍ਰਹਿਲਾਦ ਸਿੰਘ ਭਾਰੂਖੇੜਾ ’ਤੇ ਅੱਜ ਜਾਨਲੇਵਾ ਹਮਲਾ ਕੀਤਾ ਗਿਆ। ਹਮਲੇ ਦਾ ਕਾਰਨ ਜ਼ਮੀਨੀ ਵਿਵਾਦ ਦੱਸਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਕਿਸਾਨ ਮੰਚ ਦੇ ਸੂਬਾਈ ਪ੍ਰਧਾਨ ਪ੍ਰਹਿਲਾਦ ਸਿੰਘ ਭਾਰੂਖੇੜਾ ਅੱਜ ਸਵੇਰੇ ਆਪਣੀ ਗੱਡੀ ’ਚ ਘਰੋਂ ਬਾਹਰ ਜਾ ਰਿਹਾ ਸੀ ਤਾਂ ਜੇਜੇ ਕਾਲੋਨੀ ਨੇੜੇ ਕੁਝ ਲੋਕਾਂ ਨੇ ਉਸ ਦੀ ਗੱਡੀ ਅੱਗੇ ਟਰੈਕਟਰ-ਟਰਾਲੀ ਖੜ੍ਹੀ ਕਰ ਕੇ ਰੋਕ ਲਿਆ ਤੇ ਗੱਡੀ ’ਤੇ ਹਮਲਾ ਕਰ ਦਿੱਤਾ। ਗੱਡੀ ਦੀ ਬੁਰੀ ਤਰ੍ਹਾਂ ਭੰਨ-ਤੋੜ ਕਰਨ ਮਗਰੋਂ ਪ੍ਰਹਿਲਾਦ ਸਿੰਘ ’ਤੇ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਮੌਕੇ ’ਤੇ ਪਹੁੰਚੇ ਲੋਕ ਤੁਰੰਤ ਪ੍ਰਹਿਲਾਦ ਸਿੰਘ ਨੂੰ ਸਿਵਲ ਹਸਪਤਾਲ ਲੈ ਕੇ ਗਏ ਜਿੱਥੇ ਮੁਢਲੀ ਡਾਕਟਰੀ ਸਹਾਇਤਾ ਦੇਣ ਮਗਰੋਂ ਉਸ ਨੂੰ ਮੈਡੀਕਲ ਕਾਲਜ ਰੈੱਫਰ ਕਰ ਦਿੱਤਾ ਗਿਆ ਹੈ।