ਕੋਲਕਾਤਾ: ਪੱਛਮੀ ਬੰਗਾਲ ਦੇ ਸੰਦੇਸ਼ਖਲੀ ’ਚ ਇੱਕ ਮਹਿਲਾ ਨੇ ਅੱਜ ਤਿੰਨ ਜਣਿਆਂ ’ਤੇ ਘਰ ਦੇ ਬਾਹਰੋਂ ਉਸ ਨੂੰ ਅਗਵਾ ਕਰਨ ਦੀ ਸ਼ਿਕਾਇਤ ਪੁਲੀਸ ਕੋਲ ਦਰਜ ਕਰਵਾਈ ਹੈ। ਸੰਦੇਸ਼ਖਲੀ ’ਚ ਟੀਐੱਮਸੀ ਆਗੂ ਮਹਿਲਾਵਾਂ ਦੇ ਜਿਨਸੀ ਸ਼ੋਸ਼ਣ ਨੂੰ ਲੈ ਕੇ ਵਿਵਾਦਾਂ ’ਚ ਹੈ। ਸੰਦੇਸ਼ਖਲੀ ਥਾਣੇ ’ਚ ਆਪਣੀ ਸ਼ਿਕਾਇਤ ’ਚ ਮਹਿਲਾ ਨੇ ਦਾਅਵਾ ਕੀਤਾ ਕਿ ਉਸ ’ਤੇ ਅਦਾਲਤ ’ਚ ਇਹ ਕਹਿਣ ਲਈ ਦਬਾਅ ਬਣਾਇਆ ਗਿਆ ਸੀ ਕਿ ਖੇਤਰ ’ਚ ਮਹਿਲਾਵਾਂ ’ਤੇ ਕੀਤਾ ਗਿਆ ਕਥਿਤ ਤਸ਼ੱਦਦ ‘ਝੂਠ’ ਹੈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ, ‘ਅੱਜ ਤੜਕੇ 2.30 ਵਜੇ ਮਹਿਲਾ ਦੀ ਸ਼ਿਕਾਇਤ ਮਗਰੋਂ ਕੇਸ ਦਰਜ ਕਰ ਲਿਆ ਗਿਆ ਅਤੇ ਜਾਂਚ ਜਾਰੀ ਹੈ। ਸ਼ਿਕਾਇਤ ’ਚ ਤਿੰਨ ਜਣਿਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।’ ਭਾਜਪਾ ਆਗੂ ਤੇ ਵਕੀਲ ਪ੍ਰਿਯੰਕਾ ਟਿਬਰੇਵਾਲ ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਵੀਡੀਓ ’ਚ ਮਹਿਲਾ ਨੂੰ ਇਹ ਕਹਿੰਦਿਆਂ ਸੁਣਿਆ ਜਾ ਸਕਦਾ ਹੈ ਕਿ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਸੁਣ ਕੇ ਜਦੋਂ ਉਹ ਘਰੋਂ ਬਾਹਰ ਨਿਕਲੀ ਤਾਂ ਉਸ ਦਾ ਮੂੰਹ ਬੰਦ ਕਰ ਦਿੱਤਾ ਗਿਆ ਅਤੇ ਉਸ ਨੂੰ ਘੜੀਸਿਆ ਗਿਆ। -ਪੀਟੀਆਈ