ਪ੍ਰਭੂ ਦਿਆਲ
ਸਿਰਸਾ, 26 ਅਪਰੈਲ
ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲੇ ਕਿਸਾਨ ਅੰਦੋਲਨ ਦੌਰਾਨ ਰੇਲ ਰੋਕਣ ਅਤੇ ਸੜਕ ਜਾਮ ਕੀਤੇ ਜਾਣ ਕਾਰਨ ਕਿਸਾਨਾਂ ’ਤੇ ਦਰਜ ਮੁਕਦਮੇ ਹਾਲੇ ਤੱਕ ਰੱਦ ਨਹੀਂ ਹੋਏ। ਰੇਲਵੇ ਵੱਲੋਂ ਰੇਲ ਰੋਕਣ ਵਾਲੇ ਕਿਸਾਨ ਆਗੂਆਂ ਨੂੰ ਨੋਟਿਸ ਜਾਰੀ ਕੀਤੇ ਜਾਣ ਮਗਰੋਂ ਕਿਸਾਨਾਂ ਵਿੱਚ ਰੋਹ ਪੈਦਾ ਹੋ ਗਿਆ ਹੈ। ਇਸ ਸਬੰਧੀ ਕਿਸਾਨਾਂ ਨੇ ਰੇਲਵੇ ਪੁਲੀਸ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤਾ ਹੈ।
ਕਿਸਾਨ ਸਭਾ ਦੇ ਆਗੂ ਰੋਸ਼ਨ ਸੁਚਾਨ ਨੇ ਕਿਹਾ ਹੈ ਕਿ 9 ਦਸੰਬਰ 2021 ਨੂੰ ਸੰਯੁਕਤ ਕਿਸਾਨ ਮੋਰਚਾ ਦੇ ਕੇਂਦਰ ਸਰਕਾਰ ਵਿਚਾਲੇ ਹੋਏ ਸਮਝੌਤੇ ਅਨੁਸਾਰ ਸਾਰੇ ਕੇਸ ਰੱਦ ਕੀਤੇ ਜਾਣੇ ਸਨ ਪਰ ਹਾਲੇ ਤੱਕ ਬਹੁਤ ਸਾਰੇ ਕਿਸਾਨਾਂ ’ਤੇ ਦਰਜ ਕੇਸ ਰੱਦ ਨਹੀਂ ਹੋਏ। ਸੂਬੇ ਭਰ ਦੇ ਕਈ ਕਿਸਾਨਾਂ ਨੂੰ ਹੁਣ ਰੇਲਵੇ ਪੁਲੀਸ ਵੱਲੋਂ ਨੋਟਿਸ ਦੇ ਕੇ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਜਾ ਰਹੇ ਹਨ। ਵੱਖ-ਵੱਖ ਜਥੇਬੰਦੀਆਂ ਨਾਲ ਜੁੜੇ ਕਿਸਾਨਾਂ ਨੇ ਇਕਜੁੱਟ ਹੋ ਕੇ ਮੀਟਿੰਗ ਕਰ ਕੇ ਤਿੱਖੇ ਅੰਦੋਲਨ ਲਈ ਚਿਤਾਵਨੀ ਦਿੱਤੀ ਹੈ।