ਪ੍ਰਭ ਦਿਆਲ ਸਿਰਸਾ
ਸਿਰਸਾ, 15 ਅਪਰੈਲ
ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਕਿਹਾ ਕਿ ਜਿਹੜੇ ਇਲਾਕੇ ’ਚ ਅੱਗ ਨਾਲ ਕਣਕ ਦਾ ਨੁਕਸਾਨ ਹੋਇਆ ਹੈ, ਉਸ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ। ਕਣਕ ਦੀ ਖਰੀਦ ਦਾ ਕੰਮ ਜ਼ੋਰਾਂ ’ਤੇ ਚਲ ਰਿਹਾ ਹੈ, 15 ਮਈ ਦੀ ਬਜਾਏ 30 ਅਪਰੈਲ ਤੱਕ ਹੀ ਖਰੀਦ ਦੇ ਕੰਮ ਨੂੰ ਪੂਰਾ ਕਰ ਲਿਆ ਜਾਵੇਗਾ। ਉਹ ਅੱਜ ਆਪਣੇ ਨਿਵਾਸ ’ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸ੍ਰੀ ਦੁਸ਼ਿਅੰਤ ਚੌਟਾਲਾ ਨੇ ਕਿਹਾ ਮੰਡੀਆਂ ’ਚੋਂ ਕਣਕ ਦੀ 50 ਫੀਸਦੀ ਲਿਫਟਿੰਗ ਹੋ ਚੁੱਕੀ ਹੈ। ਕਿਸਾਨਾਂ ਨੂੰ ਕਣਕ ਦਾ ਭੁਗਤਾਨ ਨਾਲ ਦੀ ਨਾਲ ਕੀਤਾ ਜਾ ਰਿਹਾ ਹੈ। ਹਰਿਆਣਾ ਵਿੱਚ ਆਮ ਆਦਮੀ ਦੇ ਵੱਧ ਰਹੇ ਵਕਾਰ ਸੰਬਧੀ ਉਨ੍ਹਾਂ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕੇ ‘ਆਪ’ ਹਰਿਆਣਾ ਵਿੱਚ ਆਪਣਾ ਵਕਾਰ ਵਧਾ ਰਹੀ ਹੈ ਪਰ ਉਹ ਕਿਹਾੜਾ ਚੁੱਪ ਕਰਕੇ ਬੈਠੇ ਹਨ। ਉਹ ਵੀ ਆਪਣੀ ਪਾਰਟੀ ਦਾ ਵਕਾਰ ਵਧਾ ਰਹੇ ਹਨ, ਪਾਰਟੀ ਦੀ ਮੈਂਬਰਸ਼ਿਪ ਦਾ ਕੰਮ ਜ਼ੋਰਾਂ ਨਾਲ ਚਲ ਰਿਹਾ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ ਆਮ ਆਦਮੀ ਪਾਰਟੀ ਦੀ ਕੋਈ ਵੱਟਕ ਨਹੀਂ ਬਣੇਗੀ।