ਟੋਹਾਣਾ (ਪੱਤਰ ਪ੍ਰੇਰਕ): ਅਨਾਜ ਮੰਡੀ ਭੂਨਾ ਦੇ ਬਾਹਰ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਢਾਣੀ ਗੋਪਾਲ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨ ਲਾਗੂ ਹੋਣ ਨਾਲ ਕਿਸਾਨ ਪੂੰਜੀਪਤੀ ਘਰਾਣਿਆਂ ਦੇ ਬੰਧੂਆ ਮਜ਼ਦੂਰ ਬਣ ਜਾਣਗੇ। ਇਸ ਲਈ ਉਨ੍ਹਾਂ ਦੇ ਪਰਿਵਾਰਾਂ ਕੋਲ ਮਜ਼ਦੂਰ ਬਣਨ ਜਾਂ ਸੰਘਰਸ਼ ਚੁਨਣ ਦੇ ਹੀ ਰਾਹ ਬਚੇ ਹਨ। ਸਰਬ ਭਾਰਤੀ ਕਿਸਾਨ ਸੰਘਰਸ਼ ਕਮੇਟੀ ਦੇ ਸੱਦੇ ’ਤੇ ਕਿਸਾਨਾਂ ਦੇ ਧਰਨੇ ਦਾ ਸੰਚਾਲਨ ਚਾਂਦੀਰਾਮ ਕੜਵਾਸਰਾ ਨੇ ਕੀਤਾ। ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨ ਜੱਥੇਬੰਦੀ ’ਤੇ ਕਾਨੂੰਨਾਂ ਬਾਰੇ ਸਹਿਮਤੀ ਲਏ ਬਗ਼ੈਰ ਹੀ ਇਸ ਨੂੰ ਕਿਸਾਨਾਂ ’ਤੇ ਥੋਪ ਰਹੀ ਹੈ, ਜਿਸ ਤੋਂ ਉਨ੍ਹਾਂ ਦੀ ਬਰਬਾਦੀ ਤੈਅ ਹੈ।