ਮਹਾਂਵੀਰ ਮਿੱਤਲ
ਜੀਂਦ, 25 ਜੂਨ
ਅਖਿਲ ਭਾਰਤੀ ਕਿਸਾਨ ਸਭਾ ਜ਼ਿਲ੍ਹਾ ਕਮੇਟੀ ਦੀ ਇੱਕ ਬੈਠਕ ਜ਼ਿਲ੍ਹਾ ਪ੍ਰਧਾਨ ਰੋਹਤਾਸ਼ ਨਗੂਰਾਂ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਸੂਬਾਈ ਪ੍ਰਧਾਨ ਫੂਲ ਸਿੰਘ ਸਿਓਕੰਦ ਵੀ ਹਾਜ਼ਰ ਰਹੇ। ਮੀਟਿੰਗ ਵਿੱਚ ਕਿਸਾਨ ਮੋਰਚਾ ਦੇ ਸੱਦੇ ’ਤੇ ਹੋਣ ਵਾਲੇ ਅਗਲੇ ਪ੍ਰੋਗਰਾਮਾਂ ਉੱਤੇ ਚਰਚਾ ਕੀਤੀ ਗਈ। ਇਸ ਦੌਰਾਨ ਭਾਰਤੀ ਕਿਸਾਨ ਸਭਾ ਦੇ ਸੂਬਾਈ ਪ੍ਰਧਾਨ ਫੂਲ ਸਿੰਘ ਸਿਓਕੰਦ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ 7 ਮਹੀਨੇ ਹੋ ਗਏ ਹਨ, ਪਰ ਕੇਂਦਰ ਦੀ ਭਾਜਪਾ ਸਰਕਾਰ ਆਪਣੀ ਜ਼ਿੱਦ ਕਾਰਨ ਅੰਦੋਲਨਕਾਰੀਆਂ ਦੀ ਕੋਈ ਸਾਰ ਨਹੀਂ ਲੈ ਰਹੀ ਹੈ। ਦੂਜੇ ਪਾਸੇ ਕੇਂਦਰ ਅਤੇ ਪ੍ਰਦੇਸ਼ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕਰਨ ਲਈ ਵੱਖ-ਵੱਖ ਪ੍ਰਕਾਰ ਦੇ ਹੱਥਕੰਡੇ ਅਪਣਾ ਰਹੀ ਹੈ, ਪਰ ਅੰਦੋਲਨਕਾਰੀ ਕਿਸਾਨਾਂ ਨੇ ਸਰਕਾਰ ਦੇ ਸਾਰੇ ਮਨਸੂਬੇ ਨਾਕਾਮ ਕਰ ਦਿੱਤੇ ਹਨ ਅਤੇ ਸਰਕਾਰ ਦਾ ਪਰਦਾਫਾਸ਼ ਕਰ ਦਿੱਤਾ ਹੈ। ਫੂਲ ਸਿੰਘ ਸਿਓਕੰਦ ਅਤੇ ਰੋਹਤਾਸ਼ ਨਗੂਰਾਂ ਨੇ ਕਿਹਾ ਕਿ ਦੇਸ਼ ਅਤੇ ਪ੍ਰਦੇਸ਼ ਵਿੱਚ ਕਿਸਾਨਾਂ ਦੀ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੈ ਅਤੇ ਸਰਕਾਰ ਚੁਪ-ਚਪੀਤੇ ਵੇਖ ਰਹੀ ਹੈ ਜੋ ਕਿ ਸਵੀਕਾਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਨੂੰ ਲਾਭਕਾਰੀ ਮੁੱਲ ਦੀ ਕਾਨੂੰਨੀ ਗਾਰੰਟੀ ਨਹੀਂ ਮਿੱਲ ਜਾਂਦੀ, ਉਦੋਂ ਤੱਕ ਕਿਸਾਨਾਂ ਦਾ ਅੰਦੋਲਨ ਜਾਰੀ ਰਹੇਗਾ। ਉਨ੍ਹਾਂ ਨੇ ਕਿਹਾ ਕਿ 26 ਜੂਨ ਨੂੰ ਭਾਜਪਾ ਸਰਕਾਰ ਦੀ ਐਲਾਨੀ ਅਮਰਜੈਂਸੀ ਅਤੇ ਕਿਸਾਨ ਅੰਦੋਲਨ ਦੇ 7 ਮਹੀਨੇ ਪੂਰੇ ਹੋਣ ਉੱਤੇ ਖੇਤੀ ਬਚਾਓ-ਲੋਕਤੰਤਰ ਬਚਾਓ ਦਿਵਸ ਮਨਾਇਆ ਜਾਵੇਗਾ। ਇਸ ਦਿਨ ਦੇਸ਼ ਭਰ ਵਿੱਚ ਸਰਕਾਰੀ ਦਫਤਰਾਂ ਉੱਤੇ ਧਰਨਾ ਦਿੰਦੇ ਹੋਏ ਰਾਸ਼ਟਰਪਤੀ ਦੇ ਨਾਮ ਰਾਜਪਾਲ ਨੂੰ ਰੋਸ ਪੱਤਰ ਸੌਂਪਿਆ ਜਾਵੇਗਾ। ਇਸ ਤਹਿਤ ਕਿਸਾਨ 26 ਜੂਨ ਨੂੰ 11 ਵਜੇ ਤੱਕ ਨਾਢਾ ਸਾਹਿਬ ਗੁਰਦੁਆਰਾ ਪੰਚਕੂਲਾ ਵਿੱਚ ਇੱਕਠੇ ਹੋਣਗੇ। ਉੱਥੋਂ ਪ੍ਰਦਰਸ਼ਨ ਕਰਦੇ ਹੋਏ ਰਾਜਪਾਲ ਭਵਨ ਵਿੱਚ ਪਹੁੰਚ ਕੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦੇਣਗੇ। ਇਸ ਮੌਕੇ ਰਾਜਿੰਦਰ ਸਿੰਘ, ਰਾਜ ਕੁਮਾਰ, ਭਰਤ ਸਿੰਘ ਆਦਿ ਹਾਜ਼ਰ ਸਨ।