ਪ੍ਰਭੂ ਦਿਆਲ
ਸਿਰਸਾ, 11 ਅਕਤੂਬਰ
ਏਲਨਾਬਾਦ ਦੀ ਜ਼ਿਮਨੀ ਚੋਣ ਲਈ ਇੱਥੋਂ ਦੇ ਰਾਣੀਆਂ ਰੋਡ ਸਥਿਤ ਭਾਜਪਾ ਦਫ਼ਤਰ ਵਿੱਚ ਮੀਟਿੰਗ ਕਰ ਰਹੇ ਭਾਜਪਾ ਆਗੂਆਂ ਨੂੰ ਕਿਸਾਨਾਂ ਨੇ ਕਾਲੇ ਝੰਡੇ ਦਿਖਾਏ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਕਿਸਾਨਾਂ ਨੇ ਖੇਤੀ ਕਾਨੂੰਨਾਂ ਰੱਦ ਨਾ ਹੋਣ ਤੱਕ ਵਿਰੋਧ ਪ੍ਰਦਰਸ਼ਨ ਜਾਰੀ ਰੱਖਣ ਦੀ ਗੱਲ ਦੁਹਰਾਈ।
ਪ੍ਰਾਪਤ ਜਾਣਕਾਰੀ ਮੁਤਾਬਿਕ ਏਲਨਾਬਾਦ ਜ਼ਿਮਨੀ ਚੋਣ ਲਈ ਭਾਜਪਾ ਇੰਚਾਰਜ ਤੇ ਸਾਬਕਾ ਸੂਬਾਈ ਪ੍ਰਧਾਨ ਸੁਭਾਸ਼ ਬਰਾਲਾ ਵੱਲੋਂ ਰਾਣੀਆਂ ਰੋਡ ਸਥਿਤ ਪਾਰਟੀ ਦਫ਼ਤਰ ਵਿੱਚ ਭਾਜਪਾ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਸੀ। ਇਸ ਦਾ ਪਤਾ ਜਿਵੇਂ ਹੀ ਕਿਸਾਨਾਂ ਨੂੰ ਲੱਗਿਆ ਤਾਂ ਉਹ ਕਾਲੇ ਝੰਡੇ ਲੈ ਕੇ ਭਾਜਪਾ ਦਫ਼ਤਰ ਦੇ ਬਾਹਰ ਪਹੁੰਚ ਗਏ। ਉਨ੍ਹਾਂ ਭਾਜਪਾ ਆਗੂਆਂ ਤੋਂ ਇਲਾਵਾ ਹਰਿਆਣਾ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮੌਕੇ ਕਿਸਾਨ ਆਗੂ ਸਤਪਾਲ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਪਿਛਲੇ ਗਿਆਰਾਂ ਮਹੀਨਿਆਂ ਤੋਂ ਕਿਸਾਨ ਅੰਦੋਲਨ ਕਰ ਰਹੇ ਹਨ ਤੇ ਵੱਡੀ ਗਿਣਤੀ ਵਿੱਚ ਕਿਸਾਨ ਸ਼ਹੀਦ ਹੋ ਚੁੱਕੇ ਹਨ। ਲਖੀਮਪੁਰ ਖੀਰੀ ’ਚ ਕਿਸਾਨਾਂ ’ਤੇ ਜੀਪ ਚੜ੍ਹਾ ਕੇ ਉਨ੍ਹਾਂ ਨੂੰ ਦਰੜ ਦਿੱਤਾ ਗਿਆ, ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਅਜਿਹੀਆਂ ਘਟਨਾਵਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਮੁਤਾਬਿਕ ਏਲਨਾਬਾਦ ਦੀ ਜ਼ਿਮਨੀ ਚੋਣ ਵਿੱਚ ਹਰ ਥਾਂ ’ਤੇ ਭਾਜਪਾ-ਜਜਪਾ ਆਗੂਆਂ ਦਾ ਵਿਰੋਧ ਕੀਤਾ ਜਾਵੇਗਾ ਤੇ ਉਨ੍ਹਾਂ ਨੂੰ ਸ਼ਾਂਤਮਈ ਤਰੀਕੇ ਨਾਲ ਕਾਲੇ ਝੰਡੇ ਦਿਖਾਏ ਜਾਣਗੇ।
ਇਸ ਮੌਕੇ ਬਲਜਿੰਦਰ ਸਿੰਘ, ਗੋਰਾ, ਉਦੈ ਸਿੰਘ, ਅਮਨਪ੍ਰੀਤ ਸਿੰਘ, ਸ਼ਾਨਾ ਢਿੱਲੋਂ, ਹਰਭੇਜ ਢਿੱਲੋਂ ਸਮੇਤ ਵੱਡੀ ਗਿਣਤੀ ’ਚ ਕਿਸਾਨ ਮੌਜੂਦ ਸਨ।