ਪ੍ਰਭੂ ਦਿਆਲ
ਸਿਰਸਾ, 21 ਜੂਨ
ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਭਾਜਪਾ-ਜਜਪਾ ਨੇਤਾਵਾਂ ਦੇ ਵਿਰੋਧ ਦਾ ਸਿਲਸਿਲਾ ਜਾਰੀ ਹੈ। ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵਿੱਚ ਹਰਿਆਣਾ ਦੇ ਉਪ ਮੁੱਖ ਮੰਤਰੀ ਕਈ ਯੋਜਨਾਵਾਂ ਦਾ ਉਦਘਾਟਨ ਕਰਨ ਪੁੱਜੇ ਤਾਂ ਕਿਸਾਨਾਂ ਵੱਲੋਂ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ ਗਏ ਤੇ ਜ਼ੋਰਦਾਰ ਵਿਰੋਧ ਕੀਤਾ। ਇਸ ਦੌਰਾਨ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ ਸਾਰੇ ਗੇਟਾਂ ’ਤੇ ਜਿਥੇ ਭਾਰੀ ਪੁਲੀਸ ਬਲ ਤਾਇਨਾਤ ਕੀਤਾ ਗਿਆ ਸੀ ਉਥੇ ਹੀ ਉਪ ਮੁੱਖ ਮੰਤਰੀ ਦੇ ਨਿਵਾਸ ਸਥਾਨ ਵੱਲ ਜਾਣ ਵਾਲੀ ਸੜਕ ’ਤੇ ਤਿੰਨ ਪਰਤੀ ਬੈਰੀਕੇਡ ਲਾਏ ਗਏ ਸਨ।
ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਅੱਜ ਚੌਧਰੀ ਦੇਵੀ ਲਾਲ ਯੂਨੀਵਰਸਿਟੀ ’ਚ ਕਈ ਯੋਜਨਾਵਾਂ ਦੇ ਨੀਂਹ ਪੱਥਰ ਰੱਖੇ ਤੇ ਕਈਆਂ ਦਾ ਉਦਘਾਟਨ ਕੀਤਾ। ਉਪ ਮੁੱਖ ਮੰਤਰੀ ਦੇ ਪ੍ਰੋਗਰਾਮ ਦੀ ਭਿਣਕ ਜਦੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸ਼ਹੀਦ ਭਗਤ ਸਿੰਘ ਸਟੇਡੀਅਮ ’ਚ ਪੱਕੇ ਮੋਰਚੇ ਦੇ ਤਹਿਤ ਧਰਨਾ ਦੇ ਰਹੇ ਕਿਸਾਨਾਂ ਨੂੰ ਲੱਗੀ ਤਾਂ ਕਿਸਾਨ ਹੱਥਾਂ ਵਿੱਚ ਕਾਲੇ ਝੰਡੇ ਲੈ ਕੇ ਸੀਡੀਐਲਯੂ ਦੇ ਗੇਟਾਂ ’ਤੇ ਪਹੁੰਚ ਗਏ। ਇਸ ਦੌਰਾਨ ਕਿਸਾਨਾਂ ਨੇ ਕੇਂਦਰ ਤੇ ਹਰਿਆਣਾ ਸਰਕਾਰ ਤੋਂ ਇਲਾਵਾ ਭਾਜਪਾ-ਜਜਪਾ ਨੇਤਾਵਾਂ ਦੇ ਖ਼ਿਲਾਫ਼ ਜੋਰਦਾਰ ਨਾਅਰੇਬਾਜੀ ਕੀਤੀ। ਪੁਲੀਸ ਨੇ ਸੀਡੀਐਲਯੂ ਦੇ ਸਾਰੇ ਗੇਟਾਂ ’ਤੇ ਬੈਰੀਕੇਡ ਲਾ ਕੇ ਕਿਸਾਨਾਂ ਨੂੰ ਅੰਦਰ ਜਾਣ ਤੋਂ ਰੋਕਿਆ। ਜਦੋਂ ਉਪ ਮੁੱਖ ਮੰਤਰੀ ਦਾ ਕਾਫਲਾ ਸੀਡੀਐਲਯੂ ਦੇ ਅੰਦਰ ਦਾਖ਼ਲ ਹੋਣ ਲੱਗਿਆ ਤਾਂ ਕਿਸਾਨਾਂ ਨੇ ਹੱਥਾਂ ਵਿੱਚ ਫੜੇ ਕਾਲੇ ਝੰਡੇ ਲਹਿਰਾਏ ਤੇ ਉਪ ਮੁੱਖ ਮੰਤਰੀ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜੀ ਕੀਤੀ। ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੇ ਇਹ ਵਿਰੋਧ ਪ੍ਰਦਰਸ਼ਨ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਕੇ ਐਮਐਸਪੀ ਦਾ ਕਾਨੂੰਨ ਨਹੀਂ ਬਣਾ ਦਿੰਦੀ। ਇਸ ਦੌਰਾਨ ਵੱਡੀ ਗਿਣਤੀ ’ਚ ਕਿਸਾਨ ਮੌਜੂਦ ਸਨ।
ਕਿਸਾਨ ਅੰਦੋਲਨ ਹੁਣ ਕਿਸਾਨਾਂ ਦੇ ਹੱਥ ਨਹੀਂ: ਦੁਸ਼ਿਅੰਤ ਚੌਟਾਲਾ
ਸਿਰਸਾ: ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਕਿਹਾ ਹੈ ਕਿ ਕਿਸਾਨ ਅੰਦੋਲਨ ਹੁਣ ਕਿਸਾਨਾਂ ਦੇ ਹੱਥੋਂ ਨਿਕਲ ਗਿਆ ਹੈ। ਕੁਝ ਲੋਕਾਂ ਨੇ ਕਿਸਾਨ ਅੰਦੋਲਨ ਨੂੰ ਰੁਜ਼ਗਾਰ ਬਣਾ ਲਿਆ ਹੈ। ਅਜਿਹੇ ਲੋਕਾਂ ਦਾ ਕਿਸਾਨਾਂ ਦੇ ਮੁੱਦਿਆਂ ਤੋਂ ਕੁਝ ਲੈਣਾ-ਦੇਣਾ ਨਹੀਂ ਹੈ। ਉਹ ਅੱਜ ਚੌਧਰੀ ਦੇਵੀ ਲਾਲ ਯੂਨੀਵਰਸਿਟੀ ’ਚ ਕਈ ਯੋਜਨਾਵਾਂ ਦਾ ਉਦਘਾਟਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸ੍ਰੀ ਦੁਸ਼ਿਅੰਤ ਚੌਟਾਲਾ ਨੇ ਕਿਹਾ ਹੈ ਕਿ ਕਿਸਾਨ ਅੰਦੋਲਨ ਰਾਜਨੀਤੀ ਤੋਂ ਪ੍ਰੇਰਿਤ ਹੈ। ਕੁਝ ਲੋਕ ਆਪਣੀ ਰਾਜਨੀਤੀ ਚਮਕਾਉਣ ਦੇ ਲਈ ਵਿਰੋਧ ਕਰ ਰਹੇ ਹਨ। ਅੰਦੋਲਨ ਅਜਿਹੇ ਲੋਕਾਂ ਦੇ ਹੱਥ ਵਿੱਚ ਆ ਗਿਆ ਹੈ ਜਿਹੜੇ ਆਪਣਾ ਇਸ ਅੰਦੋਲਨ ਤੋਂ ਰੁਜ਼ਗਾਰ ਚਲਾ ਰਹੇ ਹਨ। ਕਿਸਾਨਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਮੰਡੀਆਂ ਬੰਦ ਹੋਣ ਦੀ ਗੱਲ ਕਹੀ ਜਾ ਰਹੀ ਹੈ। ਐਮਐਸਪੀ ਖ਼ਤਮ ਹੋਣ ਦੀ ਗੱਲ ਕਹੀ ਜਾ ਰਹੀ ਹੈ। ਹੁਣ ਤੱਕ ਨਾ ਤਾਂ ਮੰਡੀਆਂ ਬੰਦ ਹੋਈਆਂ ਹਨ ਤੇ ਨਾ ਹੀ ਐਮਐਸਪੀ ਖ਼ਤਮ ਹੋਈ ਹੈ। ਹਰਿਆਣਾ ਸਰਕਾਰ ਨੇ ਖੇਤੀ ਖੇਤਰ ਨੂੰ ਆਧੁਨਿਕ ਬਣਾਉਣ ਦੇ ਲਈ ਕਈ ਕਦਮ ਚੁੱਕੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਤਾਊ ਦੇਵੀ ਲਾਲ ਦੇ 300 ਟਨ ਧਾਤੂਆਂ ਨਾਲ ਬਣੇ 18 ਫੁੱਟ ਉਚੇ ਬੁੱਤ ਦਾ ਉਦਘਾਟਨ ਕੀਤਾ।