ਿਨੱਜੀ ਪੱਤਰ ਪ੍ਰੇਰਕ
ਸਿਰਸਾ, 12 ਜੂਨ
ਇੱਥੋਂ ਦੇ ਮਿਨੀ ਸਕੱਤਰੇਤ ਵਿੱਚ ਜੀਐੱਸਟੀ ਕੌਸਲ ਦੀ ਮੀਟਿੰਗ ਕਰਨ ਆਏ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦਾ ਕਿਸਾਨਾਂ ਨੇ ਵਿਰੋਧ ਕੀਤਾ। ਜੀਐੱਸਟੀ ਕੌਂਸਲ ਦੀ ਇਸ ਵਰਚੁਅਲ ਮੀਟਿੰਗ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਮੇਤ ਕਈ ਮੰਤਰੀਆਂ ਅਤੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਹਰਿਆਣਾ ਸਰਕਾਰ ਦਾ ਪੱਖ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਰੱਖਿਆ। ਮਿਨੀ ਸਕੱਤਰੇਤ ਵਿੱਚ ਜੀਐੱਸਟੀ ਕੌਂਸਲ ਦੀ ਵਰਚੁਅਲ ਮੀਟਿੰਗ ਦੌਰਾਨ ਸ਼ਿਰਕਤ ਕਰਨ ਪੁੱਜੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੀ ਭਿਣਕ ਪੈਂਦਿਆਂ ਹੀ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨ ਹੱਥਾਂ ਵਿੱਚ ਕਾਲੇ ਝੰਡੇ ਫੜ ਕੇ ਮਿਨੀ ਸਕੱਤਰੇਤ ਅੱਗੇ ਪਹੁੰਚ ਗਏ। ਉਪ ਮੱਖ ਮੰਤਰੀ ਨੂੰ ਕਾਲੇ ਝੰਡੇ ਦਿਖਾਉਣ ਦੀ ਕੋਸ਼ਿਸ਼ ਕਰਦੇ ਕਿਸਾਨਾਂ ਨੂੰ ਰੋਕਣ ਲਈ ਭਾਰੀ ਪੁਲੀਸ ਬਲ ਤਾਇਨਾਤ ਕੀਤਾ ਗਿਆ। ਪੁਲੀਸ ਨੇ ਮਿਨੀ ਸਕੱਤਰੇਤ ਦੇ ਬਾਹਰ ਕਿਸਾਨਾਂ ਨੂੰ ਰੋਕ ਲਿਆ, ਜਿਸ ਮਗਰੋਂ ਕਿਸਾਨ ਬਾਹਰ ਹੀ ਧਰਨਾ ਲਾ ਕੇ ਹਰਿਆਣਾ ਅਤੇ ਕੇਂਦਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਰਹੇ।