ਪੱਤਰ ਪ੍ਰੇਰਕ
ਯਮੁਨਾਨਗਰ, 28 ਜਨਵਰੀ
ਭਾਰਤੀ ਕਿਸਾਨ ਯੁੂਨੀਅਨ ਦੇ ਸੂਬਾ ਪ੍ਰਧਾਨ ਰਤਨ ਮਾਨ ਨੇ ਜ਼ਿਲ੍ਹੇ ਦੇ ਖੇੜੀ ਲੱਖਾ ਸਿੰਘ, ਸਤਗੋਲੀ, ਮਸਾਨਾ ਅਤੇ ਸਢੈਲ ਸਣੇ ਹੋਰ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਕੇਂਦਰ ਸਕਰਾਰ ਨੇ ਦਿੱਲੀ ਅੰਦੋਲਨ ਦੌਰਾਨ ਦਿੱਤੇ ਲਿਖਤ ਸਮਝੌਤੇ ਨੂੰ ਛੇਤੀ ਲਾਗੂ ਨਾ ਕੀਤਾ ਤਾਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 31 ਜਨਵਰੀ ਨੂੰ ਦੇਸ਼ ਭਰ ਵਿੱਚ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਪ੍ਰਧਾਨ ਮੰਤਰੀ ਅਤੇ ਭਾਜਪਾ ਸਰਕਾਰ ਦੇ ਪਤਲੇ ਫੂਕੇ ਕੇ ਧਰਨੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਰਵੱਈਏ ਤੋਂ ਲੱਗਦਾ ਹੈ ਕਿ ਉਸ ਦੀ ਸਮਝੌਤੇ ਨੂੰ ਲਾਗੂ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਕਿਸਾਨ ਯੁੂਨੀਅਨ ਇੱਕ ਗੈਰ-ਰਾਜਨੀਤਕ ਜਥੇਬੰਦੀ ਹੈ ਜੋ ਕਿ ਕਿਸਾਨ ਨੇਤਾ ਨਰੇਸ਼ ਟਿਕੈਤ ਅਤੇ ਰਾਕੇਸ਼ ਟਿਕੈਤ ਤੋਂ ਇਲਾਵਾ ਕੌਮੀ ਜਨਰਲ ਸਕੱਤਰ ਯੁੱਧਵੀਰ ਸਿੰਘ ਦੀ ਅਗਵਾਈ ਵਿੱਚ ਕਿਸਾਨ ਅਤੇ ਕਿਸਾਨੀ ਦੇ ਮੁੱਦਿਆਂ ’ਤੇ ਲੜਾਈ ਲੜ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਹੋਣ ਵਾਲੀ ਕਿਸੇ ਵੀ ਵਾਅਦਾਖਿਲਾਫੀ ਦਾ ਜ਼ੋਰਦਾਰ ਢੰਗ ਨਾਲ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਧਰਨੇ ਪ੍ਰਦਰਸ਼ਨ ਨੂੰ ਸਫਲ ਬਣਾਉਣ ਲਈ ਕਿਸਾਨ ਪ੍ਰਚਾਰ ਕਮੇਟੀਆਂ ਗਠਿਤ ਕੀਤੀਆਂ ਗਈਆਂ ਹਨ। ਇਸ ਮੌਕੇ ਚੜੂਨੀ ਜਥੇਬੰਦੀ ਛੱਡ ਕੇ ਆਏ ਮਹਿੰਦਰ ਸਿੰਘ ਭੂਰੇ ਸਢੈਲ ਨੂੰ ਨਿਯੂਕਤੀ ਪੱਤਰ ਦੇ ਕੇ ਉਨ੍ਹਾਂ ਨੂੰ ਜ਼ਿਲ੍ਹਾ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ। ਇਸ ਤਰ੍ਹਾਂ ਹੀ ਰਾਹੁਲ ਸੰਧਾਏ, ਅਰੁਣ ਗੁੱਜਰ, ਰੋਹਿਤ ਹਰਤੋਲ, ਬੁਜਿੰਦਰ ਰਾਣਾ ਗੋਲਨੀ, ਸਤਬੀਰ ਮਸਾਨਾ ਨੂੰ ਵੀ ਨਿਯੁਕਤੀ ਪੱਤਰ ਸੌਂਪ ਕੇ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ। ਇਸ ਮੌਕੇ ਤੇ ਪ੍ਰਦੇਸ਼ ਉੱਪ ਪ੍ਰਧਾਨ ਪਰਦੀਪ ਨਗਲਾ, ਜ਼ਿਲ੍ਹਾ ਪ੍ਰਧਾਨ ਸੁਭਾਸ਼ ਗੁੱਜਰ, ਸੁਰਿੰਦਰ ਸਾਂਗਵਾਨ, ਸੁਖਬੀਰ ਕੌਰ, ਨਾਇਬ ਸਿੰਘ, ਜੈਪਾਲ ਚਮਰੋੜੀ, ਪਵਨ ਗੋਇਲ, ਰਜਨੀ ਸੋਹੀ ਅਤੇ ਹੋਰ ਕਿਸਾਨ ਮੌਜੂਦ ਸਨ।