ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 3 ਅਕਤੂਬਰ
ਕਿਸਾਨਾਂ ਵੱਲੋਂ ਕੀਤੇ ਜ਼ੋਰਦਾਰ ਅੰਦੋਲਨ ਨੂੰ ਦੇਖਦਿਆਂ ਭਾਵੇਂ ਸਰਕਾਰ ਨੇ 11 ਅਕਤੂਬਰ ਦੀ ਥਾਂ ਅੱਜ 3 ਅਕਤੂਬਰ ਤੋਂ ਝੋਨੇ ਦੀ ਖ਼ਰੀਦ ਸ਼ੁਰੂ ਕਰਵਾ ਦਿੱਤੀ ਹੈ ਪਰ ਕਿਸਾਨ ਹਾਲੇ ਵੀ ਸੰਤੁਸ਼ਟ ਨਹੀਂ ਹਨ। ਸ਼ਹਿਰ ਦੀ ਅਨਾਜ ਮੰਡੀ ਵਿੱਚ ਹੈਫੈਡ ਨੇ ਝੋਨੇ ਦੀ ਖ਼ਰੀਦ ਲਈ ਨਮੀ ਦੀ ਜਾਂਚ ਸ਼ੁਰੂ ਕਰ ਦਿੱਤੀ ਪਰ ਜ਼ਿਆਦਾਤਰ ਝੋਨੇ ਵਿਚ ਨਮੀ ਵੱਧ ਮਿਲਣ ਕਾਰਨ ਖ਼ਰੀਦ ਸੁਸਤ ਰਹੀ। ਕਿਸਾਨ ਆਗੂ ਜੈ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਪਿਛਲੇ ਸਾਲ ਦੇ ਨਿਯਮਾਂ ਅਨੁਸਾਰ ਝੋਨਾ ਖ਼ਰੀਦਣ ਦੀ ਗੱਲ ਆਖੀ ਸੀ ਪਰ ਏਜੰਸੀਆਂ 17 ਨਮੀ ਅਤੇ 25 ਕੁਇੰਟਲ ਫ਼ੀ ਏਕੜ ਦੇ ਹਿਸਾਬ ਨਾਲ ਖ਼ਰੀਦ ਰਹੀਆਂ ਹਨ। ਇਸ ਬਾਰੇ ਕਿਸਾਨ ਆਗੂਆਂ ਨੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ, ਜੇਕਰ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਮੰਨਦੀ ਤਾਂ ਫਿਰ ਅੱਗੇ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ।
ਜਦੋਂ ਵੀ ਫ਼ਸਲ ਪੱਕੇਗੀ ਵੱਢ ਕੇ ਮੰਡੀ ਲਿਆਂਵਾਂਗੇ: ਚੜੂਨੀ
ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਇਕ ਵੀਡੀਓ ਸੁਨੇਹੇ ਰਾਹੀਂ ਕਿਹਾ ਹੈ ਕਿ ਇਸ ਵਾਰ ਸਰਕਾਰ ਨੇ 25 ਕੁਇੰਟਲ ਫ਼ੀ ਏਕੜ ਕੈਪ ਲਾ ਦਿੱਤੀ ਹੈ। ਦੂਜਾ ਕੰਮ ਸਰਕਾਰ ਨੇ ਇਹ ਕੀਤਾ ਹੈ ਕਿ ਹੁਣ ਸਰਕਾਰ ਦੱਸੇਗੀ ਕਿ ਕਿਸਾਨ ਨੇ ਕਿਸ ਦਿਨ ਝੋਨਾ ਵੱਢਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅਜਿਹੇ ਅਧਿਕਾਰੀ ਕੁਰਸੀਆਂ ’ਤੇ ਬਿਠਾ ਦਿੱਤੇ ਹਨ, ਜਿਨ੍ਹਾਂ ਨੂੰ ਜ਼ਮੀਨ ਬਾਰੇ ਕੁਝ ਵੀ ਪਤਾ ਨਹੀਂ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਦੋਵੇਂ ਚੀਜ਼ਾਂ ਬੰਦ ਕਰੇ। ਜਿਸ ਦਿਨ ਝੋਨਾ ਪੱਕੇਗਾ ਤੇ ਕੱਟੇਗਾ ਉਸੇ ਦਿਨ ਮੰਡੀ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਸਰਕਾਰ ਨੇ ਯੂਪੀ ਅਤੇ ਬਿਹਾਰ ਦੀ ਸਾਰੀ ਫ਼ਸਲ ਖ਼ਰੀਦ ਲਈ ਪਰ ਜਦੋਂ ਪੰਜਾਬ ਤੇ ਹਰਿਆਣਾ ਦੀ ਗੱਲ ਆਉਂਦੀ ਹੈ ਤਾਂ ਉਸ ਦਾ ਦਮ ਨਿਕਲ ਜਾਂਦਾ ਹੈ।