ਪੱਤਰ ਪ੍ਰੇਰਕ
ਏਲਨਾਬਾਦ, 27 ਅਕਤੂਬਰ
ਏਲਨਾਬਾਦ ਜ਼ਿਮਨੀ ਚੋਣ ਦੌਰਾਨ ਹਲਕੇ ਦੇ ਪਿੰਡ ਜਮਾਲ ਵਿੱਚ ਚੋਣ ਪ੍ਰਚਾਰ ਲਈ ਪਹੁੰਚੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੂੰ ਕਾਲੇ ਝੰਡੇ ਵਿਖਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਕਿਸਾਨ ਨੇਤਾ ਸਿੰਕਦਰ ਸਿੰਘ ਰੋੜੀ ਨੂੰ ਪੁਲੀਸ ਨੂੰ ਕਿਸਾਨਾਂ ਦੇ ਦਬਾਅ ਕਾਰਨ ਆਖਿਰ ਰਿਹਾਅ ਕਰਨਾ ਪਿਆ ਹੈ। ਐੱਸਪੀ ਨੇ ਕਿਸਾਨ ਨੇਤਾ, ਧੱਕਾਮੁੱਕੀ ਦੌਰਾਨ ਜਿਸ ਦੀ ਪੱਗ ਲੱਥ ਗਈ ਸੀ, ਦੇ ਸਿਰ ’ਤੇ ਪੱਗ ਬੰਨ੍ਹੀ ਤੇ ਘਟਨਾ ਲਈ ਮੁਆਫ਼ੀ ਵੀ ਮੰਗੀ ਹੈ।
ਦੁਸ਼ਿਅੰਤ ਚੌਟਾਲਾ ਮੰਗਲਵਾਰ ਨੂੰ ਜਦੋਂ ਪਿੰਡ ਜਮਾਲ ਵਿੱਚ ਇੱਕ ਜਨਸਭਾ ’ਚ ਗਏ ਤਾਂ ਇੱਥੇ ਸੈਂਕੜੇ ਕਿਸਾਨ ਉਨ੍ਹਾਂ ਦਾ ਵਿਰੋਧ ਕਰਨ ਲਈ ਪਹੁੰਚ ਗਏ। ਇਸ ਦੌਰਾਨ ਕਿਸਾਨ ਮੋਰਚਾ (ਚੜੂਨੀ) ਦੇ ਜ਼ਿਲ੍ਹਾ ਪ੍ਰਧਾਨ ਸਿਕੰਦਰ ਸਿੰਘ ਰੋੜੀ ਵੀ ਜਦੋਂ ਕਿਸਾਨਾਂ ਨਾਲ ਇੱਕ ਘਰ ਦੀ ਛੱਤ ’ਤੇ ਖੜ੍ਹ ਕੇ ਦੁਸ਼ਿਅੰਤ ਚੌਟਾਲਾ ਨੂੰ ਕਾਲੇ ਝੰਡੇ ਵਿਖਾ ਰਹੇ ਸਨ ਤਾਂ ਪੁਲੀਸ ਨੇ ਉਸ ਨਾਲ ਹੱਥੋਪਾਈ ਕਰਦਿਆਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਧੱਕਾਮੁੱਕੀ ਦੌਰਾਨ ਉਸ ਪੱਗ ਵੀ ਲੱਥ ਗਈ। ਇਸ ਘਟਨਾ ਨੂੰ ਲੈ ਕੇ ਕਿਸਾਨਾਂ ਨੇ ਜਮਾਲ ਤੇ ਨਾਥੂਸਰੀ ਚੌਪਟਾ ਥਾਣੇ ਅੱਗੇ ਧਰਨਾ ਦੇ ਦਿੱਤਾ ਤੇ ਇਸ ਲਈ ਜ਼ਿੰਮੇਵਾਰ ਜਮਾਲ ਪੁਲੀਸ ਚੌਕੀ ਇੰਚਾਰਜ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ। ਐੱਸਪੀ ਅਰਪਿਤ ਜੈਨ ਵੀ ਕਿਸਾਨਾਂ ਕੋਲ ਧਰਨੇ ’ਤੇ ਪਹੁੰਚੇ। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵੀ ਰਾਤ ਨੂੰ ਹੀ ਚੌਕੀ ਸਾਹਮਣੇ ਧਰਨੇ ’ਤੇ ਪਹੁੰਚ ਗਏ। ਆਖਿਰ ਰਾਤ 12 ਵਜੇ ਪੁਲੀਸ ਨੂੰ ਕਿਸਾਨਾਂ ਦੇ ਰੋਸ ਅੱਗੇ ਝੁਕਣਾ ਪਿਆ ਤੇ ਐੱਸਪੀ ਨੇ ਇਸ ਘਟਨਾ ਲਈ ਕਿਸਾਨਾਂ ਤੋਂ ਮੁਆਫ਼ੀ ਮੰਗੀ। ਉਨ੍ਹਾਂ ਆਪਣੇ ਹੱਥਾਂ ਨਾਲ ਕਿਸਾਨ ਆਗੂ ਸਿਕੰਦਰ ਸਿੰਘ ਦੇ ਸਿਰ ’ਤੇ ਪੱਗ ਬੰਨ੍ਹ ਕੇ ਇਸ ਪੂਰੇ ਮਸਲੇ ਨੂੰ ਸੁਲਝਾਇਆ। ਇਸੇ ਦੌਰਾਨ ਇਨੈਲੋ ਦੇ ਦਫ਼ਤਰ ਸਕੱਤਰ ਨਛੱਤਰ ਸਿੰਘ ਮਲਹਾਨ ਨੇ ਅੱਜ ਮੁੱਖ ਚੋਣ ਅਧਿਕਾਰੀ ਨੂੰ ਪੱਤਰ ਲਿਖ ਕੇ ਜਮਾਲ ’ਚ ਕਿਸਾਨ ਨੇਤਾਵਾਂ ਦੀ ਕੁੱਟਮਾਰ ਦੀ ਸ਼ਿਕਾਇਤ ਕੀਤੀ ਹੈ।