ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 12 ਮਈ
ਕੁਰੂਕਸ਼ੇਤਰ ਯੂਨੀਵਰਸਿਟੀ ਦੇ ਅੱਜ ਪੰਜਾਬੀ ਵਿਭਾਗ ਵਿਖੇ ਰੂ-ਬ-ਰੂ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਪਰਵਾਸੀ ਪੰਜਾਬੀ ਲੇਖਿਕਾ ਦਲਵੀਰ ਕੌਰ ਅਤੇ ਪੰਜਾਬੀ ਗਾਇਕ ਤੇ ਗੀਤਕਾਰ ਰਾਜ ਗੁਰਮੀਤ ਨੇ ਸ਼ਿਰਕਤ ਕੀਤੀ। ਡਾ.ਕੁਲਦੀਪ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਲੇਖਿਕਾ ਦਲਵੀਰ ਕੌਰ ਨੇ ਆਪਣੀ ਸਾਹਿਤਕ ਸਿਰਜਣਾ ਦੀ ਸ਼ੁਰੂਆਤ ਕਵਿਤਾ ਲਿਖਣ ਤੋਂ ਕੀਤੀ ਸੀ ਅਤੇ ਉਨ੍ਹਾਂ ਕਵਿਤਾ ਤੋਂ ਇਲਾਵਾ ਵਾਰਤਕ ਦੇ ਖੇਤਰ ਵਿਚ ਵੀ ਆਪਣੀ ਕਲਮ ਚਲਾਈ।
ਦਲਵੀਰ ਕੌਰ ਇਸ ਵੇਲੇ ਇੰਗਲੈਂਡ ਵਿਚ ਰਹਿ ਕੇ ਪੰਜਾਬੀ ਸਾਹਿਤ ਸਿਰਜਣਾ ਵਿਚ ਨਿਰੰਤਰ ਕਾਰਜਸ਼ੀਲ ਹਨ। ਉਨ੍ਹਾਂ ਦੇ ਹੁਣ ਤੱਕ ਚਾਰ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ । ਲੇਖਿਕਾ ਦਲਵੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਾਹਿਤ ਲਿਖਣ ਦੀ ਚੇਟਕ ਆਪਣੇ ਪਰਿਵਾਰ ਵਿਚੋਂ ਹੀ ਲੱਗੀ। ਲੇਖਿਕਾ ਨੇ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਜੁਆਬ ਦਿੰਦਿਆਂ ਦੱਸਿਆ ਕਿ ਤੁਸੀਂ ਆਪਣੇ ਸਵੈ ਦੀ ਪਛਾਣ ਖ਼ੁਦ ਕਰ ਸਕਦੇ ਹੋ। ਉਨ੍ਹਾਂ ਪੰਜਾਬੀ ਭਾਸ਼ਾ ਨਾਲ ਜੁੜਨ ਲਈ ਪ੍ਰੇਰਿਆ।
ਇਸ ਮੌਕੇ ਰਾਜ ਗੁਰਮੀਤ ਨੇ ਆਪਣੀ ਗਾਇਕੀ ਜਗਤ ਦੇ ਸਫਰ ਬਾਰੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਗੀਤ ਲਿਖਣ ਦੀ ਚੇਟਕ ਧਾਰਮਿਕ ਪ੍ਰਵਿਰਤੀ ਵਿੱਚੋਂ ਹੀ ਪੈਦਾ ਹੋਈ। ਉਨ੍ਹਾਂ ਕਿਹਾ ਕਿ ਆਪਣੇ ਅੰਦਰ ਦੇ ਕਲਾਕਾਰ ਨੂੰ ਕਦੇ ਮਰਨ ਨਹੀਂ ਦੇਣਾ ਚਾਹੀਦਾ। ਉਨ੍ਹਾਂ ਆਪਣੇ ਲਿਖੇ ਗੀਤਾਂ ਨੂੰ ਗਾ ਕੇ ਸਮਾਂ ਬੰਨਿਆ। ਪ੍ਰੋਗਰਾਮ ਦੇ ਅੰਤ ਵਿੱਚ ਡਾ. ਪਰਮਜੀਤ ਕੌਰ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਸਾਹਿਤਕ ਮਿਲਣੀਆਂ ਵਿਦਿਆਰਥੀਆਂ ਦੇ ਤਜਰਬੇ ਵਿਚ ਵਾਧਾ ਕਰਦੀਆਂ ਹਨ। ਇਸ ਪ੍ਰੋਗਰਾਮ ਵਿਚ ਡਾ. ਜਸਵੀਰ ਕੌਰ, ਡਾ. ਹਲਵਿੰਦਰ ਮੌਜੂਦ ਸਨ। ਮੰਚ ਸੰਚਾਲਨ ਡਾ. ਹਲਵਿੰਦਰ ਸਿੰਘ ਵਲੋਂ ਕੀਤਾ ਗਿਆ।