ਪੱਤਰ ਪ੍ਰੇਰਕ
ਪਿਹੋਵਾ, 20 ਅਕਤੂਬਰ
ਹਰਿਆਣਾ ਦੇ ਖੇਡ ਅਤੇ ਯੁਵਾ ਪ੍ਰੋਗਰਾਮ ਮੰਤਰੀ ਸੰਦੀਪ ਸਿੰਘ ਦੇ ਪਿਤਾ ਸਮਾਜ ਸੇਵਕ ਗੁਰਚਰਨ ਸਿੰਘ ਨੇ ਕਿਹਾ ਕਿ ਭਗਵਾਨ ਵਾਲਮੀਕਿ ਦੇ ਆਦਰਸ਼ਾਂ ਨੂੰ ਜੀਵਨ ਵਿੱਚ ਅਪਣਾਉਣ ਦੀ ਲੋੜ ਹੈ। ਉਨ੍ਹਾਂ ਦੇ ਵਿਚਾਰਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਸਮਾਜ ਸੇਵੀ ਗੁਰਚਰਨ ਸਿੰਘ ਅੱਜ ਭਗਵਾਨ ਵਾਲਮੀਕਿ ਪ੍ਰਕਾਸ਼ ਪੁਰਬ ਮੌਕੇ ‘ਤੇ ਵਾਲਮੀਕਿ ਪੰਚਾਇਤ ਪਿਹੋਵਾ ਵੱਲੋਂ ਕਰਵਾਏ ਸਮਾਗਮ ਵਿੱਚ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਸਮਾਜ ਸੇਵਕ ਗੁਰਚਰਨ ਸਿੰਘ, ਵਾਲਮੀਕਿ ਪੰਚਾਇਤ ਮੁਖੀ ਅਨਿਲ ਬਾਗੜੀ, ਵਿੱਕੀ ਬਿਡਲਾਨ, ਰੌਸ਼ਨ ਲਾਲ, ਸਤਪਾਲ, ਸ਼ਿਆਮ ਲਾਲ ਬਾਗੜੀ ਨੇ ਪ੍ਰੋਗਰਾਮ ਦਾ ਰਸਮੀ ਉਦਘਾਟਨ ਕੀਤਾ। ਇਸ ਦੌਰਾਨ ਸਮਾਜ ਸੇਵੀ ਗੁਰਚਰਨ ਸਿੰਘ ਨੇ ਖੇਡ ਮੰਤਰੀ ਸੰਦੀਪ ਸਿੰਘ ਦੀ ਤਰਫੋਂ 2 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ ਹੈ। ਇਸ ਮੌਕੇ ਗੁਰਬਾਜ਼ ਸਿੰਘ, ਸੰਜੀਵ, ਸ਼ੇਰ ਸਿੰਘ ਅਤੇ ਸਮਾਜ ਦੇ ਹੋਰ ਪਤਵੰਤੇ ਹਾਜ਼ਰ ਸਨ।