ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ,13 ਅਕਤੂਬਰ
ਪੰਜਾਬੀ ਸਾਹਿਤ ਸਭਾ ਤੇ ਪੰਜਾਬੀ ਵਿਭਾਗ ਵੱਲੋਂ ਸਰਕਾਰੀ ਕਾਲਜ ਅੰਬਾਲਾ ਵਿਚ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਦਾ ਮੁੱਖ ਵਿਸ਼ਾ ਪੰਜਾਬੀ ਸਾਹਿਤ , ਪੰਜਾਬੀ ਭਾਸ਼ਾ ਤੇ ਪੰਜਾਬੀ ਸਭਿਆਚਾਰ ਨੂੰ ਵਰਤਮਾਨ ਚੌਖਟੇ ਵਿੱਚ ਰਖ ਕੇ ਭਵਿੱਖ ਮੁਖੀ ਸੰਭਾਵਨਾਵਾਂ ਦੀ ਭਾਲ ਕਰਨਾ ਸੀ। ਸਮਾਗਮ ਦੇ ਮੁੱਖ ਬੁਲਾਰੇ ਪੰਜਾਬੀ ਸਾਹਿਤ ਦੇ ਬਹੁਪੱਖੀ ਸਾਹਿਤਕਾਰ ਤੇ ਸ਼ਾਇਰ ਡਾ. ਸੁਦਰਸ਼ਨ ਗਾਸੋ ਨੇ ਆਪਣੀ ਸਾਹਿਤ ਸਿਰਜਣ ਦੀ ਪ੍ਰਕ੍ਰਿਆ ਦੇ ਵੱਖ ਵੱਖ ਪਹਿਲੂਆਂ ਬਾਰੇ ਜਾਣੂੰ ਕਰਵਾਉਂਦੇ ਹੋਏ ਸਾਹਿਤ ਤੇ ਸਾਹਿਤਕਾਰ ਦੀ ਸਮਾਜਿਕ ਭੂਮਿਕਾ ਤੇ ਜ਼ਿੰਮੇਵਾਰੀ ਸਬੰਧੀ ਵਿਚਾਰ ਪੇਸ਼ ਕੀਤੇ। ਡਾ. ਗਾਸੋ ਨੇ ਕਿਹਾ ਕਿ ਸਾਹਿਤਕਾਰ ਇਕ ਸੰਵੇਦਨਸ਼ੀਲ ਵਿਅਕਤੀ ਹੋਣ ਕਾਰਨ ਆਪਣੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਨਾਲ ਸਮਾਜ ਵਿਚ ਪੈ ਰਹੇ ਪ੍ਰਭਾਵਾਂ ਨੂੰ ਵਿਆਪਕ ਦ੍ਰਿਸ਼ਟੀ ਨਾਲ ਦੇਖਣ ਤੇ ਘੋਖਣ ਦੀ ਸਮਰਥਾ ਨੂੰ ਮਹਿਸੂਸ ਰੱਖਦਾ ਹੈ ਤੇ ਇਸ ਸਮਰਥਾ ਨਾਲ ਉਹ ਪਾਠਕਾਂ ਨਾਲ ਸਾਂਝਾ ਕਰਨ ਵਾਲਾ ਸਾਹਿਤ ਦੀ ਸਿਰਜਨ ਪ੍ਰਕ੍ਰਿਆ ਉਸ ਦਾ ਟੀਚਾ ਬਣ ਜਾਂਦੀ ਹੈ। ਡਾ. ਗਾਸੋ ਨੇ ਆਪਣੀਆਂ ਕੁਝ ਚੋਣਵੀਆਂ ਕਵਿਤਾਵਾਂ ਰਾਹੀਂ ਵੀ ਸਾਹਿਤਕ ਮਹਿਫ਼ਿਲ ਨੂੰ ਰੁਸ਼ਨਾਇਆ। ਇਸ ਤੋਂ ਪਹਿਲਾਂ ਡਾ. ਬਲਵਿੰਦਰ ਸਿੰਘ ਮੁੱਖ ਪੰਜਾਬੀ ਵਿਭਾਗ ਨੇ ਉਨ੍ਹਾਂ ਨੂੰ ਸਰੋਤਿਆਂ ਦੇ ਰੁਬਰੂ ਕਰਾਇਆ। ਪ੍ਰਿੰਸੀਪਲ ਡਾ. ਖੁਸ਼ੀਲਾ ਨੇ ਪੰਜਾਬੀ ਵਿਭਾਗ ਦੀਆਂ ਗਤੀਵਿਧੀਆਂ ਦੀ ਪ੍ਰਸੰਸਾ ਕਰਦਿਆਂ ਵਿਦਿਆਰਥੀਆਂ ਨੂੰ ਸਾਹਿਤ ਸਿਰਜਨ ਲਈ ਪ੍ਰੇਰਿਤ ਕੀਤਾ। ਸਮਾਗਮ ਦੀ ਸ਼ੁਰੂਆਤ ਸਿਮਰਨ ਤੇ ਮੁਸਕਾਨ ਨੇ ਸ਼ਬਦ ਗਾਇਨ ਰਾਹੀਂ ਕੀਤੀ। ਡਾ. ਮੰਗਤ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਤੇਜਿੰਦਰ ਸਿੰਘ, ਸੱਕਤਰ ਸਿਮਰਨ, ਜਸਪ੍ਰੀਤ ਕੌਰ ਤੇ ਵਿਦਿਆਰਥੀ ਮੌਜੂਦ ਸਨ।