ਪੱਤਰ ਪ੍ਰੇਰਕ
ਫਰੀਦਾਬਾਦ, 18 ਅਪਰੈਲ
ਡਿਪਟੀ ਕਮਿਸ਼ਨਰ ਯਸ਼ਪਾਲ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਈਐੱਸਆਈਸੀ ਮੈਡੀਕਲ ਕਾਲਜ, ਐੱਨਐੱਚ-3 ਨੂੰ ਕੋਵਿਡ ਹਸਪਤਾਲ ਐਲਾਨ ਦਿੱਤਾ ਹੈ ਤਾਂ ਜੋ ਕੋਵਿਡ-19 ਸਾਕਾਰਾਤਮਕ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਈਐੱਸਆਈਸੀ ਮੈਡੀਕਲ ਕਾਲਜ ਦੇ ਸਾਰੇ ਬਿਸਤਰੇ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਰਾਖਵੇਂ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੋਵਿਡ-19 ਦੇ ਮਰੀਜ਼ਾਂ ਲਈ ਬਿਸਤਰੇ ਅਤੇ ਵੈਂਟੀਲੇਟਰਾਂ ਦੀ ਸਮੱਸਿਆ ਨਹੀਂ ਹੈ। ਡੀਸੀ ਨੇ ਸਾਰੇ ਲੋਕਾਂ ਨੂੰ ਬਿਪਤਾ ਦੀ ਇਸ ਘੜੀ ਵਿੱਚ ਕੋਵਿਡ-19 ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇ ਕੋਵਿਡ-19 ਦੇ ਹਲਕੇ ਲੱਛਣ ਦਿਖਦੇ ਹਨ ਤਾਂ ਤੁਰੰਤ ਆਪਣੀ ਜਾਂਚ ਕਰਵਾ ਲੈਣੀ ਚਾਹੀਦੀ ਹੈ।