ਗੁਰਦੀਪ ਸਿੰਘ ਭੱਟੀ
ਟੋਹਾਣਾ, 22 ਨਵੰਬਰ
ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਇੱਥੋਂ ਦੀ ਕਿਸਾਨ ਜੱਥੇਬੰਦੀਆਂ ਨੇ ਸਾਰੇ ਮਤਭੇਦ ਭੁਲਾ ਕੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਤਾਕਤ ਦਾ ਮੁਜ਼ਾਹਿਰਾ ਕਰਨ ਲਈ ਪੂਰੀ ਤਾਕਤ ਝੌਕ ਦਿੱਤੀ ਹੈ ਤੇ ਦਿਹਾਤ ਵਿੱਚ ਕਿਸਾਨ ਸੰਘਰਸ਼ ਨੂੰ ਔਰਤਾਂ, ਬਜ਼ੁਰਗਾਂ ਤੇ ਬੱਚਿਆਂ ਸਮੇਤ ਭਰਵਾਂ ਹੁੰਗਰਾ ਮਿਲ ਰਿਹਾ ਹੈ। ਕਿਸਾਨਾਂ ਦੇ ਸ਼ਾਂਤਮਈ ਸੰਘਰਸ਼ ਨੂੰ ਦਿਹਾਤ ਵਿੱਚੋਂ ਰਸਦ, ਅਨਾਜ, ਟਰੈਕਟਰ-ਟਰਾਲੀਆ, ਪਾਣੀ ਦੇ ਟੈਂਕਰ ਤੋਂ ਇਲਾਵਾ ਭੋਜਨ ਤਿਆਰ ਕਰਨ ਵਾਲੇ ਗੁਰਦੁਆਰਿਆਂ ਤੇ ਮੰਦਰਾਂ ਦੇ ਸੇਵਾਦਾਰਾਂ ਦੀ ਸੇਵਾਵਾਂ ਮੁਫ਼ਤ ਵਿੱਚ ਮਿਲ ਰਹੀਆਂ ਹਨ। ਡਬਵਾਲੀ ਤੋਂ ਚੱਲਿਆ ਕਿਸਾਨ ਦਾ ਪ੍ਰਚਾਰ ਜੱਥਾ ਲਖਵਿੰਦਰ ਸਿੰਘ ਸਿਰਸਾ, ਜਸਬੀਰ ਸਿੰਘ ਭਾਟੀ ਡਬਵਾਲੀ, ਲਾਭ ਸਿੰਘ, ਜਰਨੈਲ ਸਿੰਘ, ਰਾਮਚੰਦਰ ਕੰਬੋਜ ਤੇ ਕਰੀਬ ਦਰਜਨ ਭਰ ਗੱਡੀਆਂ ਦੇ ਕਾਫ਼ਲੇ ਨੇ ਜ਼ਿਲ੍ਹਾ ਫਤਿਹਾਬਾਦ ਦੇ ਐਹਰਵਾਂ, ਪਾਲਸਰ, ਗੁਰੂਸਰ, ਰਤੀਆ, ਕੁਲਾਂ, ਟੋਹਾਣਾ ਤੇ ਧਮਤਾਨ ਸਾਹਿਬ ਜ਼ਿਲ੍ਹਾ ਜੀਂਂਦ ਵਿੱਚ ਸੰਪਨ ਦੇਰ ਸ਼ਾਮ ਨੂੰ ਹੋਇਆ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਪ੍ਰਚਾਰ ਵਾਹਨਾਂ ਨੂੰ ਦਿਹਾਤ ਵਿੱਚ ਵਪਾਰੀਆਂ, ਮਜ਼ੁਦਰਾਂ ਵੱਲੋ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ 26-27 ਦੇ ਦਿੱਲੀ ਕੂਚ ਸਬੰਧੀ ਕਿਸਾਨ ਵੱਖ-ਵੱਖ ਥਾਵਾਂ ਤੋਂ ਮਾਰਚ ਆਰੰਭ ਕਰਣਗੇ। ਉਨ੍ਹਾਂ ਕਿਹਾ ਕਿ ਕਿਸਾਨ ਕੋਈ ਸ਼ੋਕ ਨਾਲ ਸੰਘਰਸ਼ ਨਹੀਂ ਕਰ ਰਹੇ ਬਲਕਿ ਕਿਸਾਨੀ ਸੰਘਰਸ਼ ਲਈ ਭਾਜਪਾ ਦੀਆਂ ਨੀਤੀਆਂ ਜ਼ਿੰਮੇਦਾਰ ਹਨ। ਜੱਥੇਦਾਰ ਜਸਬੀਰ ਸਿੰਘ ਭਾਟੀ ਨੇ ਕਿਹਾ ਕਿ ਕਿਸਾਨੀ ਦੀ ਘਾਣ ਦੇ ਵਾਰੰਟ ਸਰਕਾਰ ਵੱਲੋਂ ਜਾਰੀ ਕਿਸਾਨ ਪਰਿਵਾਰ ਤੇ ਉਨ੍ਹਾਂ ਦੀ ਅਗਲੀ ਪੀੜ੍ਹੀ ਨੂੰ ਮਨਜ਼ੂਰ ਨਹੀਂ। ਇਸ ਘੋਲ ਵਿੱਚ ਔਰਤਾਂ ਮੋਹਰੀ ਹੋ ਕੇ ਅੱਗੇ ਹਨ। ਦਿੱਲੀ ਘੇਰਾਬੰਦੀ ਵਿੱਚ ਕਿਸਾਨ ਪਰਿਵਾਰਾਂ ਵਿੱਚ ਔਰਤਾਂ ਬਰਾਬਰ ਦੀਆਂ ਹਿੱਸੇਦਾਰ ਹੋਣਗੀਆਂ। ਕਿਸਾਨ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਪਰਤਣਗੇ।
ਭਾਕਿਯੂ ਨੇ ਦਿੱਲੀ ਸੰਘਰਸ਼ ਲਈ ਕਿਸਾਨਾਂ ਦੀਆਂ ਲਾਈਆਂ ਡਿਊਟੀਆਂ
ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ): ਭਾਰਤੀਯ ਕਿਸਾਨ ਯੂਨੀਅਨ ਝੜੂਨੀ ਗਰੁੱਪ ਦੇ ਮੀਡੀਆ ਬੁਲਾਰੇ ਰਾਕੇਸ਼ ਬੈਂਸ ਦੀ ਅਗਵਾਈ ਵਿਚ 26 ਨਵੰਬਰ ਨੂੰ ਦਿੱਲੀ ਕੂਚ ਨੂੰ ਲੈ ਕੇ ਹਲਕੇ ਦੇ ਪਿੰਡ ਦਾਮਲੀ, ਕਲਸਾਣੀ, ਮਾਮੂਮਾਜਰਾ, ਨਗਲਾ ਆਦਿ ਪਿੰਡਾਂ ਦਾ ਦੌਰਾ ਕਰ ਕਿਸਾਨਾਂ ਨੂੰ ਦਿੱਲੀ ਕੂਚ ਦਾ ਸੱਦਾ ਦਿੱਤਾ। ਇਸ ਦੌਰਾਨ ਆਮ ਆਦਮੀ ਤੇ ਕਿਸਾਨਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਕਿ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਪ੍ਰਦਰਸ਼ਨ ਵਿਚ ਜਾਣ ਲਈ ਤਿਆਰ ਹਨ। ਬੈਂਸ ਨੇ ਕਿਹਾ ਕਿ ਇਹ ਪ੍ਰਦਰਸ਼ਨ 25 ਨਵੰਬਰ ਨੂੰ ਸ਼ੰਭੂ ਬਾਰਡਰ ਤੋਂ ਸ਼ੁਰੂ ਹੋਵੇਗਾ ਤੇ ਐਜੁਕੇਸ਼ਨ ਸਿਟੀ ਸੋਨੀਪਤ ਪੁੱਜੇਗਾ। ਇਸ ਦੀ ਅਗਵਾਈ ਭਾਕਿਯੂ ਪ੍ਰਧਾਨ ਗੁਰਨਾਮ ਸਿੰਘ ਝੜੂਨੀ ਕਰਨਗੇ। ਬਲਾਕ ਪ੍ਰਧਾਨ ਹਰਕੇਸ਼ ਖਾਨਪੁਰ ਨੇ ਕਿਹਾ ਕਿ ਪਿੰਡ ਪਿੰਡ ਕਮੇਟੀਆਂ ਬਣਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਤੇ ਖਾਣ ਪੀਣ ਤੇ ਸੌਣ ਲਈ ਬਿਸਤਰੇ ਆਦਿ ਲੈ ਕੇ ਜਾਣਗੇ। ਉਨ੍ਹ੍ਵਾਂ ਕਿਹਾ ਕਿ ਹਰ ਪਿੰਡ ਵਿਚ ਡਿਊਟੀਆਂ ਲਾ ਦਿੱਤੀਆਂ ਹਨ ਤੇ ਵੱਡੀ ਗਿਣਤੀ ਵਿਚ ਕਿਸਾਨ ਦਿੱਲੀ ਕੂਚ ਕਰਨਗੇ। ਇਸ ਮੌਕੇ ਪੰਕਜ ਹਬਾਨਾ, ਜਸਬੀਰ ਸਿੰਘ ਮਾਮੂ ਮਾਜਰਾ, ਹਰਬੰਸ ਕਲਸਾਣੀ,ਹਾਕਮ ਰਤਨਗੜ੍ਹ ਮੌਜੂਦ ਸਨ।