ਮਹਾਂਵੀਰ ਮਿੱਤਲ
ਜੀਂਦ, 27 ਜੂਨ
ਕੇਂਦਰ ਸਰਕਾਰ ਵੱਲੋਂ ਪਾਸੇ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਖਟਕੜ ਟੌਲ ਪਲਾਜ਼ਾ ’ਤੇ ਜਾਰੀ ਕਿਸਾਨਾਂ ਦਾ ਧਰਨਾ 186ਵੇਂ ਦਿਨ ਵੀ ਜਾਰੀ ਰਿਹਾ। ਇੱਥੇ ਅੱਜ ਵੀ ਟੋਲ ਫਰੀ ਪ੍ਰੋਗਰਾਮ ਜਾਰੀ ਰਿਹਾ ਤੇ ਇਸ ਧਰਨੇ ਵਿੱਚ ਕਈ ਪਿੰਡਾਂ ਦੇ ਕਿਸਾਨ ਮੌਜੂਦ ਸਨ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਮਹਿਲਾ ਸੈੱਲ ਦੀ ਜ਼ਿਲ੍ਹਾ ਪ੍ਰਧਾਨ ਸਿੱਕਮ ਸਫਾਖੇੜੀ ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਨੂੰ 7 ਮਹੀਨੇ ਹੋ ਚੁੱਕੇ ਹਨ, ਪਰ ਸਰਕਾਰ ਨੇ ਹਾਲੇ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅੰਦੋਲਨ ਨੂੰ ਖਤਮ ਕਰਨ ਦੀ ਕਾਫ਼ੀ ਕੋਸ਼ਿਸ਼ ਕੀਤੀ, ਪਰ ਉਹ ਸਫਲ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਅੱਜ ਇੱਕ ਜਨ ਅੰਦੋਲਨ ਬਣ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਿੰਨਾ ਵੀ ਜ਼ੋਰ ਲਾ ਲਵੇ, ਪਰ ਕਿਸਾਨ ਖੇਤੀ ਕਾਨੂੰਨਾਂ ਦੇ ਰੱਦ ਹੋਣ ਤੱਕ ਅੰਦੋਲਨ ਜਾਰੀ ਰੱਖਣ ਦਾ ਮਨ ਬਣਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਧਰਨਿਆਂ ਉੱਤੇ ਬੈਠੇ ਰਹਿਣਗੇ ਤੇ ਉਹ ਘਰ ਵਾਪਸ ਨਹੀਂ ਪਰਤਣਗੇ। ਉਨ੍ਹਾਂ ਕਿਹਾ ਕਿ ਕਿਸਾਨ ਮਜ਼ਦੂਰ ਅੰਦੋਲਨ ਨੂੰ ਹਰ ਵਰਗ ਦਾ ਸਮਰਥਨ ਮਿਲ ਰਿਹਾ ਹੈ। ਕਿਸਾਨਾਂ ਨੂੰ ਧਰਨਾ ਦਿੰਦਿਆਂ 7 ਮਹੀਨੇ ਹੋ ਚੁੱਕੇ ਹਨ, ਜੇਕਰ ਕਿਸਾਨਾਂ ਦੀ ਮੰਗਾਂ ਨਾ ਮੰਨੀਆਂ ਗਈਆਂ ਤਾਂ 2024 ਤੱਕ ਅੰਦੋਲਨ ਚਲਾਉਣ ਦਾ ਕਿਸਾਨ ਮਨ ਬਣਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਦੇ 7 ਮਹੀਨੇ ਪੂਰੇ ਹੋਣ ਉੱਤੇ ਕੱਲ੍ਹ ਦਾ ਦਿਨ ਖੇਤੀ ਬਚਾਓ-ਲੋਕ ਤੰਤਰ ਬਚਾਓ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ ਸੀ।