ਜਗਤਾਰ ਸਮਾਲਸਰ
ਏਲਨਾਬਾਦ, 27 ਮਈ
ਲੰਬੇ ਸਮੇ ਤੋਂ ਹਰਿਆਣਾ ਸਰਕਾਰ ਵਲੋਂ ਕਿਸੇ ਵੀ ਮਹਿਕਮੇ ਵਿੱਚ ਭਰਤੀ ਨਾ ਕਰਨ ਅਤੇ ਸਰਕਾਰੀ ਵਿਭਾਗਾਂ ਨੂੰ ਪ੍ਰਾਈਵੇਟ ਸੈਕਟਰ ਦੇ ਹਵਾਲੇ ਕਰਨ
ਖ਼ਿਲਾਫ਼ ਅੱਜ ਖੇਤਰ ਨੇ ਸੈਂਕੜੇ ਬੇਰੁਜ਼ਗਾਰ ਲੜਕੇ ਅਤੇ ਲੜਕੀਆਂ ਨੇ ਇਸ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਅਤੇ ਆਪਣੀਆਂ ਮੰਗਾਂ ਲਈ ਐੱਸਡੀਐੱਮ ਰਾਹੀਂ ਮੰਗ ਪੱਤਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਭੇਜਿਆ। ਅੱਜ ਬੇਰੁਜ਼ਗਾਰ ਵਿਦਿਆਰਥੀ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਹਿਰ ਦੇ ਗਾਂਧੀ ਚੌਕ ਵਿੱਚ ਇੱਕਠੇ ਹੋਏ ਅਤੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਐੱਸਡੀਐੱਮ ਦਫ਼ਤਰ ਪਹੁੰਚੇ। ਵਿਦਿਆਰਥੀ ਨੇਤਾਵਾਂ ਨੇ ਆਖਿਆ ਕਿ ਸਰਕਾਰ ਵਲੋਂ ਹਰਿਆਣਾ ਪੁਲੀਸ ਦੀ ਭਰਤੀ 2018-19 ਵਿੱਚ ਕੱਢੀ ਗਈ ਸੀ ਪਰ ਕਾਰਵਾਈ ਪੂਰੀ ਹੋਣ ਦੇ ਬਾਵਜੂਦ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ। ਸੀਈਟੀ ਦਾ ਪੇਪਰ ਵੀ ਪਿਛਲੇ ਦੋ ਸਾਲ ਤੋਂ ਨਹੀਂ ਹੋ ਰਿਹਾ। ਇਸ ਦੀ ਤਿਆਰੀ ਕਰਨ ਵਾਲੇ ਨੌਜਵਾਨ ਓਵਰਏਜ਼ ਹੋ ਰਹੇ ਹਨ। ਇਸੇ ਤਰ੍ਹਾਂ ਗਰਾਮ ਸਕੱਤਰ ਤੇ ਨਹਿਰੀ ਪਟਵਾਰੀ ਦੀ ਭਰਤੀ 2018-19 ਵਿੱਚ ਐਲਾਨੀ ਸੀ, ਜਿਸਦੀ ਪ੍ਰਕਿਰਿਆ ਪੂਰੀ ਨਹੀ ਕੀਤੀ ਗਈ ਹੈ। ਇਸ ਦੌਰਾਨ ਬੇਰੁਜ਼ਗਾਰ ਨੌਜਵਾਨ ਲੜਕੇ ਲੜਕੀਆਂ ਨੇ ਸਰਕਾਰੀ ਵਿਭਾਗਾਂ ਨੂੰ ਪ੍ਰਾਈਵੇਟ ਸੈਕਟਰ ਹਵਾਲੇ ਨਾ ਕਰਨ ਦੀ ਮੰਗ ਕੀਤੀ।