ਫਰੀਦਾਬਾਦ: ਫਰੀਦਾਬਾਦ ਸਾਈਬਰ ਪੁਲੀਸ ਨੇ ਸਾਈਬਰ ਫਰਾਡ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਠੱਗੀ ਮਾਰਨ ਵਾਲੇ ਗਰੋਹ ਦੇ 11 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਬੁਲਾਰੇ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ’ਚ ਸਾਹਿਲ, ਖਾਲਿਦ, ਦੇਵੇਂਦਰ, ਜਤਿਨ, ਇਰਫਾਨ, ਨਸੀਮ, ਆਸਿਮ, ਅਮਿਤ ਉਰਫ ਸੋਨੂੰ, ਸਚਿਨ, ਸੋਨੂੰ ਅਤੇ ਮੁਹੰਮਦ ਕੈਫ ਉਰਫ ਸੈਨ ਉਰਫ ਜਾਟ ਉਰਫ ਅਲ ਹਬੀਬੀ ਸ਼ਾਮਲ ਹਨ। ਮੁਲਜ਼ਮ ਦੇਵੇਂਦਰ ਫਰੀਦਾਬਾਦ ਦੇ ਪੱਲਾ ਦਾ ਰਹਿਣ ਵਾਲਾ ਹੈ ਤੇ ਬਾਕੀ ਸਾਰੇ ਮੁਲਜ਼ਮ ਦਿੱਲੀ ਦੇ ਰਹਿਣ ਵਾਲੇ ਹਨ। ਦੇਵੇਂਦਰ ਨੋਇਡਾ ਵਿੱਚ ਕੋਟਕ ਬੈਂਕ ਦੇ ਕ੍ਰੈਡਿਟ ਕਾਰਡ ਵਿਭਾਗ ਵਿੱਚ ਇੱਕ ਤੀਜੀ ਧਿਰ ਦੇ ਅਧੀਨ ਕੰਮ ਕਰਦਾ ਹੈ ਜੋ ਬੈਂਕ ਤੋਂ ਨਵੇਂ ਕ੍ਰੈਡਿਟ ਕਾਰਡ ਲੈਣ ਵਾਲੇ ਗਾਹਕਾਂ ਬਾਰੇ ਜਾਣਕਾਰੀ ਆਪਣੇ ਸਾਥੀਆਂ ਨੂੰ ਦਿੰਦਾ ਸੀ। ਦੋਸ਼ੀ ਸਾਹਿਲ ਤੇ ਖਾਲਿਦ ਦੋਵੇਂ ਸਾਥੀ ਹਨ ਅਤੇ ਸਾਂਝੇ ਤੌਰ ’ਤੇ ਇਸ ਗਰੋਹ ਨੂੰ ਚਲਾਉਂਦੇ ਹਨ। ਮੁਲਜ਼ਮਾਂ ਨੇ ਫਰੀਦਾਬਾਦ ਦੀ ਰਹਿਣ ਵਾਲੀ ਇੱਕ ਔਰਤ ਨਾਲ ਸਾਈਬਰ ਧੋਖਾਧੜੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਕਰੀਬ 39000 ਰੁਪਏ ਵੀ ਹੜੱਪ ਲਏ ਸਨ। ਦੇਵੇਂਦਰ ਨੇ ਕ੍ਰੈਡਿਟ ਕਾਰਡ ਹੋਲਡਰ ਦੀ ਜਾਣਕਾਰੀ ਆਪਣੇ ਸਾਥੀਆਂ ਨੂੰ ਦਿੱਤੀ, ਜਿਸ ਤੋਂ ਬਾਅਦ ਦੋਸ਼ੀ ਨੇ ਮਹਿਲਾ ਨੂੰ ਕੋਟਕ ਬੈਂਕ ਕਸਟਮਰ ਕੇਅਰ ਦੀ ਪ੍ਰਤੀਨਿਧੀ ਦੱਸ ਕੇ ਫੋਨ ਕੀਤਾ ਅਤੇ ਔਰਤ ਨੂੰ ਕਿਹਾ ਕਿ ਉਹ ਬੈਂਕ ਦੇ ਕ੍ਰੈਡਿਟ ਕਾਰਡ ਵਿਭਾਗ ਨਾਲ ਗੱਲ ਕਰ ਰਹੀ ਹੈ। -ਪੱਤਰ ਪ੍ਰੇਰਕ