ਪੱਤਰ ਪ੍ਰੇਰਕ
ਰਤੀਆ, 26 ਫਰਵਰੀ
ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਵਿੱਤੀ ਸਹਾਇਤਾ ਨਾ ਮਿਲਣ ਕਾਰਨ ਕਈ ਪਰਿਵਾਰ ਬਿਨਾਂ ਛੱਤ ਤੋਂ ਖੁੱਲ੍ਹੇ ਅਸਮਾਨ ਹੇਠ ਰਹਿਣ ਲਈ ਮਜਬੂਰ ਹਨ। ਸ਼ਹਿਰ ਦੇ ਵਾਰਡ ਨੰਬਰ 14 ਦੀ ਇੱਕ ਬਜ਼ੁਰਗ ਔਰਤ ਮੂਰਤੀ ਦੇਵੀ ਨੇ ਯੋਜਨਾ ਦਾ ਲਾਭ ਨਾ ਮਿਲਣ ’ਤੇ ਆਪਣੀ ਸਮੱਸਿਆ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਾਹਮਣੇ ਰੱਖੀ ਹੈ। ਉਪਰੋਕਤ ਮਹਿਲਾ ਨੇ ਕਿਹਾ ਕਿ ਅਧਿਕਾਰੀਆਂ ਦੀ ਲਾਪਰਵਾਹੀ ਦੇ ਕਾਰਨ ਹੀ ਉਸ ਦਾ ਪਰਿਵਾਰ ਖੁੱਲ੍ਹੇ ਅਸਮਾਨ ਹੇਠ ਦਿਨ ਕਟੀ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਨਗਰ ਕੌਂਸਲ ਦੇ ਸਰਵੇ ਤਹਿਤ ਉਨ੍ਹਾਂ ਨੂੰ ਆਪਣਾ ਮਕਾਨ ਬਣਾਉਣ ਲਈ ਉਕਤ ਰਾਸ਼ੀ ਦੇਣ ਦਾ ਭਰੋਸਾ ਦਿੱਤਾ ਗਿਆ ਸੀ ਅਤੇ ਇਸ ਉਮੀਦ ਤਹਿਤ ਉਨ੍ਹਾਂ ਆਪਣਾ ਮਕਾਨ ਗਿਰਾ ਦਿੱਤਾ ਸੀ, ਪਰ ਹੁਣ ਉਹ ਵਿਭਾਗੀ ਅਧਿਕਾਰੀਆਂ ਦੀ ਵੱਡੀ ਲਾਪਰਵਾਹੀ ਦੇ ਚੱਲਦਿਆਂ ਖੁੱਲ੍ਹੇ ਅਸਮਾਨ ਹੇਠ ਜੀਵਨ ਬਸਰ ਕਰ ਰਹੀ ਹੈ। ਉਸ ਨੇ ਮਦਦ ਦੀ ਅਪੀਲ ਕੀਤੀ ਹੈ।