ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 15 ਅਪਰੈਲ
ਪਿੰਡ ਰਾਮ ਸਰਨ ਮਾਜਰਾ ਦੇ ਖੇਤਾਂ ਵਿਚ ਬਿਜਲੀ ਦੇ ਸ਼ਾਰਟ ਸਰਕਟ ਨਾਲ ਲੱਗੀ ਅੱਗ ਕਾਰਨ ਇੱਥੇ ਅੱਠ ਏਕੜ ਨਾੜ ਸੜ ਕੇ ਸੁਆਹ ਹੋ ਗਿਆ। ਇਸ ਦੌਰਾਨ ਕਿਸਾਨ ਸੋਹਨ ਲਾਲ, ਮੋਹਨ ਲਾਲ, ਸੁਰਿੰਦਰ ਕੁਮਾਰ ਸਣੇ ਕਈ ਕਿਸਾਨਾਂ ਦੇ ਖੇਤਾਂ ਵਿਚ ਖੜ੍ਹਿਆ 8 ਏਕੜ ਨਾੜ ਸੜ ਕੇ ਸੁਆਹ ਹੋ ਗਿਆ। ਅੱਗ ਨਾਲ ਦੋ ਕੁੱਪ ਤੂੜੀ ਤੇ ਇਕ ਪਾਥੀਆਂ ਦਾ ਗੁਹਾਰਾ ਤੇ ਕੁਝ ਖੇਤ ਵਿਚ ਖੜ੍ਹੇ ਗੰਨੇ ਦੀ ਫਸਲ ਨੂੰ ਵੀ ਅੱਗ ਲੱਗੀ। ਅੱਗ ਲੱਗਣ ਦੀ ਸੂਚਨਾ ਪਿੰਡ ਵਿਚ ਅੱਗ ਵਾਂਗ ਫੈਲ ਗਈ । ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਇਸ ਦੇ ਨਾਲ ਹੀ ਪਿੰਡਾਂ ਦੇ ਵਾਸੀ ਇਕੱਠੇ ਹੋ ਕੇ ਆਪਣੇ ਪੱਧਰ ’ਤੇ ਅੱਗ ਬੁਝਾਉਣ ਦਾ ਉਪਰਾਲਾ ਕਰਦੇ ਰਹੇ। ਫਾਇਰ ਬ੍ਰਿਗੇਡ ਦੇ ਅਮਲੇ ਨੇ ਮੌਕੇ ’ਤੇ ਆ ਕੇ ਅੱਗ ’ਤੇ ਕਾਬੂ ਪਾ ਲਿਆ। ਜੇ ਪਿੰਡਾਂ ਦੇ ਵਾਸੀ ਮੌਕੇ ’ਤੇ ਅੱਗ ਬੁਝਾਉਣ ਦਾ ਯਤਨ ਨਾ ਕਰਦੇ ਤਾਂ ਕਣਕ ਦੀ ਫਸਲ ਨੂੰ ਵੀ ਕਾਫੀ ਨੁਕਸਾਨ ਹੋ ਜਾਣਾ ਸੀ। ਪਿੰਡ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਮੰਗ ਕੀਤੀ ਹੈ।